ਕੀ ਸਚਿਨ ਪਾਇਲਟ ਨੂੰ ਸਲਾਹ ਦੇ ਰਹੇ ਹਨ ਪ੍ਰਸ਼ਾਂਤ ਕਿਸ਼ੋਰ?
Thursday, May 18, 2023 - 01:20 PM (IST)
ਨਵੀਂ ਦਿੱਲੀ- ਕਾਂਗਰਸ ਨੂੰ ਜਿੱਥੇ ਕਰਨਾਟਕ ’ਚ ਆਪਣੇ ਸਮਰਥਕਾਂ ਨੂੰ ਇਕਜੁੱਟ ਰੱਖਣ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਰਾਜਸਥਾਨ ’ਚ ਵੀ ਇਹ ਮੁਸੀਬਤ ਸਾਹਮਣੇ ਆ ਗਈ ਹੈ। ਕਿਹਾ ਜਾ ਰਿਹਾ ਹੈ ਕਿ 2014 ’ਚ ਪ੍ਰਧਾਨ ਮੰਤਰੀ ਮੋਦੀ ਅਤੇ ਕਈ ਖੇਤਰੀ ਪਾਰਟੀਆਂ ਸਮੇਤ ਆਪਣੇ ਕਈ ਗਾਹਕਾਂ ਦੀ ਜਿੱਤ ਨੂੰ ਯਕੀਨੀ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਦੀ ਰਾਜਸਥਾਨ ਦੇ ਘਟਨਾਕ੍ਰਮ ’ਚ ਕੁਝ ਭੂਮਿਕਾ ਹੈ।
ਹੋ ਸਕਦਾ ਹੈ ਕਿ ਉਹ ਆਪਣੇ ਸਿਆਸੀ ਕੈਰੀਅਰ ਨੂੰ ਪਰਖਣ ਲਈ ਬਿਹਾਰ ’ਚ ਆਪਣੀ ‘ਜਨ ਸੁਰਾਜ ਯਾਤਰਾ’ ’ਚ ਰੁੱਝੇ ਹੋਣ ਪਰ ਉਨ੍ਹਾਂ ਦੀ ਪੋਲ ਕੰਪਨੀ ਆਈ-ਪੈਕ ਨੂੰ ਸਚਿਨ ਪਾਇਲਟ ਵਜੋਂ ਇਕ ਨਵਾਂ ਗਾਹਕ ਮਿਲ ਗਿਆ ਹੈ। ਜਿਵੇਂ ਕਿ ਚਰਚਾ ’ਚ ਹੈ, ਰਾਜਸਥਾਨ ’ਚ ਲੋਕਾਂ ਦੇ ਮੂਡ ਦਾ ਪਤਾ ਲਗਾਉਣ ਆਈ-ਪੈਕ ਟੀਮਾਂ ਵਿਆਪਕ ਸਰਵੇਖਣ ਕਰ ਰਹੀਆਂ ਹਨ। ਇਸ ਸਾਲ ਦੇ ਅੰਤ ’ਚ ਹੋਣ ਵਾਲੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਸਚਿਨ ਪਾਇਲਟ ਲਈ ਰਣਨੀਤੀ ਤਿਆਰ ਕਰਨ ਤਹਿਤ ਇਹ ਸਰਵੇਖਣ ਕੀਤੇ ਜਾ ਰਹੇ ਹਨ। ਇਸ ਸਰਵੇਖਣ ਦਾ ਕਾਂਗਰਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਸਚਿਨ ਪਾਇਲਟ ਲਈ ਜਿੱਤ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਸਾਬਕਾ ਪੀ. ਸੀ. ਸੀ. ਮੁਖੀ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਅਸ਼ੋਕ ਗਹਿਲੋਤ ਖਿਲਾਫ 2020 ’ਚ ਤਖਤਾਪਲਟ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਆਪਣੇ ਪੈਰ ਜਮਾਉਣ ਨੂੰ ਬੇਤਾਬ ਹਨ।
ਪਾਰਟੀ ਹਾਈਕਮਾਂਡ ਨੇ ਨੌਜਵਾਨ ਗੁੱਜਰ ਆਗੂ ਦੇ ਹਿੱਤਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ ਹੈ ਪਰ ਮੌਜੂਦਾ ਸਿਆਸੀ ਸਥਿਤੀ ਨੂੰ ਦੇਖਦਿਆਂ ਹਾਈਕਮਾਂਡ ਲਈ ਗਹਿਲੋਤ ਨੂੰ ਹਟਾਉਣਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਪਾਇਲਟ ਆਪਣਾ ਰਸਤਾ ਖੁਦ ਬਣਾਉਣਾ ਚਾਹੁੰਦੇ ਹਨ ਅਤੇ ਜਿੱਤਣ ਵਾਲੀ ਰਣਨੀਤੀ ਚਾਹੁੰਦੇ ਹਨ। ਪਾਇਲਟ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ ਉਹ ਰਾਜਸਥਾਨ ’ਚ ਉਹੀ ਕਰਨਾ ਚਾਹੁੰਦੇ ਹਨ ਜੋ ਜਨਤਾ ਦਲ (ਐੱਸ) ਕਰਨਾਟਕ ’ਚ ਕਰਦੀ ਆਈ ਹੈ, ਯਾਨੀ ਇਸ ਦੇ ਸਮਰਥਨ ਤੋਂ ਬਿਨਾਂ ਕੋਈ ਸਰਕਾਰ ਨਹੀਂ ਬਣ ਸਕਦੀ। 200 ਸੀਟਾਂ ਵਾਲੇ ਸਦਨ ’ਚ ਪਾਇਲਟ ਆਪਣੀ ਸਿਆਸੀ ਪਾਰਟੀ ਲਈ 30 ਸੀਟਾਂ ਹਾਸਲ ਕਰਨ ਦਾ ਟੀਚਾ ਬਣਾ ਰਹੇ ਹਨ, ਇਸ ਕਵਾਇਦ ਨੂੰ ਉਹ ਸ਼ੁਰੂ ਕਰਨਾ ਚਾਹੁੰਦੇ ਹਨ। ਅੰਤਿਮ ਫੈਸਲਾ ਲਿਆ ਜਾਣਾ ਅਜੇ ਬਾਕੀ ਹੈ।