''ਭਾਰਤ ''ਚ ਮੁਸਲਮਾਨਾਂ ''ਤੇ ਜ਼ੁਲਮ ਹੋ ਰਹੇ'', ਈਰਾਨੀ ਸੁਪਰੀਮ ਲੀਡਰ ਦੇ ਬਿਆਨ ''ਤੇ ਭਾਰਤ ਨੇ ਦਿੱਤਾ ਇਹ ਜਵਾਬ
Monday, Sep 16, 2024 - 10:40 PM (IST)
ਇੰਟਰਨੈਸ਼ਨਲ ਡੈਸਕ : ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਸੋਮਵਾਰ (16 ਸਤੰਬਰ) ਨੂੰ ਭਾਰਤ 'ਤੇ ਮੁਸਲਮਾਨਾਂ 'ਤੇ ਜ਼ੁਲਮ ਕਰਨ ਦਾ ਦੋਸ਼ ਲਗਾਇਆ। ਖਾਮੇਨੇਈ ਨੇ ਪੈਗੰਬਰ ਮੁਹੰਮਦ ਦੇ ਜਨਮ ਦਿਨ ਦੇ ਮੌਕੇ 'ਤੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦੇ ਹੋਏ ਇਕ ਸੰਦੇਸ਼ 'ਚ ਭਾਰਤ, ਗਾਜ਼ਾ ਅਤੇ ਮਿਆਂਮਾਰ 'ਚ ਮੁਸਲਮਾਨਾਂ 'ਤੇ ਹੋ ਰਹੇ ਜ਼ੁਲਮਾਂ ਦਾ ਮੁੱਦਾ ਉਠਾਇਆ।
ਖਾਮੇਨੇਈ ਨੇ ਐਕਸ 'ਤੇ ਆਪਣੀ ਪੋਸਟ 'ਚ ਇਸਲਾਮ ਦੇ ਦੁਸ਼ਮਣ ਦੇਸ਼ਾਂ ਵਰਗੇ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਹੈ। ਐਕਸ 'ਤੇ ਆਪਣੀ ਪੋਸਟ ਵਿੱਚ, ਅਯਾਤੁੱਲਾ ਅਲੀ ਖਾਮੇਨੇਈ ਨੇ ਕਿਹਾ, "ਇਸਲਾਮ ਦੇ ਦੁਸ਼ਮਣਾਂ ਨੇ ਹਮੇਸ਼ਾ ਸਾਨੂੰ ਇਸਲਾਮਿਕ ਉਮਾਹ ਵਜੋਂ ਸਾਡੀ ਸਾਂਝੀ ਪਛਾਣ ਤੋਂ ਉਦਾਸੀਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਅਸੀਂ ਮਿਆਂਮਾਰ, ਗਾਜ਼ਾ, ਭਾਰਤ ਜਾਂ ਹੋਰ ਕਿਤੇ ਵੀ ਮੁਸੀਬਤ ਦਾ ਸਾਹਮਣਾ ਕਰ ਰਹੇ ਮੁਸਲਮਾਨਾਂ ਦੇ ਦੁੱਖਾਂ ਤੋਂ ਅਣਜਾਣ ਹਾਂ ਤਾਂ ਅਸੀਂ ਆਪਣੇ ਆਪ ਨੂੰ ਮੁਸਲਮਾਨ ਨਹੀਂ ਸਮਝ ਸਕਦੇ।
ਆਪਣੇ ਅੰਦਰ ਝਾਤੀ ਮਾਰੋ : ਭਾਰਤੀ ਵਿਦੇਸ਼ ਮੰਤਰਾਲਾ
ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੇਈ ਦੇ ਇਸ ਕਥਿਤ ਦੋਸ਼ 'ਤੇ ਹੁਣ ਭਾਰਤ ਦੀ ਪ੍ਰਤੀਕਿਰਿਆ ਵੀ ਆਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦੋਸ਼ਾਂ ਦਾ ਸਖ਼ਤ ਸ਼ਬਦਾਂ ਵਿੱਚ ਜਵਾਬ ਦਿੱਤਾ ਹੈ ਅਤੇ ਖਮੇਨੀ ਦੇ ਬਿਆਨ ਦੀ ਨਿੰਦਾ ਕੀਤੀ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਸੀਂ ਈਰਾਨ ਦੇ ਸੁਪਰੀਮ ਲੀਡਰ ਵੱਲੋਂ ਭਾਰਤ 'ਚ ਘੱਟ ਗਿਣਤੀਆਂ ਬਾਰੇ ਕੀਤੀਆਂ ਟਿੱਪਣੀਆਂ ਦੀ ਸਖ਼ਤ ਨਿੰਦਾ ਕਰਦੇ ਹਾਂ। ਇਹ ਗਲਤ ਜਾਣਕਾਰੀ 'ਤੇ ਆਧਾਰਿਤ ਹਨ ਅਤੇ ਅਸਵੀਕਾਰਨਯੋਗ ਹਨ। ਘੱਟ ਗਿਣਤੀਆਂ 'ਤੇ ਟਿੱਪਣੀ ਕਰਨ ਵਾਲੇ ਦੇਸ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦੂਜਿਆਂ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਆਪਣੇ ਰਿਕਾਰਡ ਦੇਖਣ।