ਪ੍ਰਦੂਸ਼ਣ ਵਿਰੁੱਧ ਦਿੱਲੀ ਦੀ ਵੱਡੀ ਜੰਗ: ਜਲਦ ਮਿਲਣਗੀਆਂ 2800 ਹੋਰ ਇਲੈਕਟ੍ਰਿਕ ਬੱਸਾਂ

Wednesday, Apr 01, 2026 - 11:39 AM (IST)

ਪ੍ਰਦੂਸ਼ਣ ਵਿਰੁੱਧ ਦਿੱਲੀ ਦੀ ਵੱਡੀ ਜੰਗ: ਜਲਦ ਮਿਲਣਗੀਆਂ 2800 ਹੋਰ ਇਲੈਕਟ੍ਰਿਕ ਬੱਸਾਂ

ਨਵੀਂ ਦਿੱਲੀ- ਇਲੈਕਟ੍ਰਿਕ ਬੱਸਾਂ ਦੇ ਮਾਮਲੇ 'ਚ ਦੇਸ਼ ਭਰ 'ਚ ਮੋਹਰੀ ਰਹਿਣ ਵਾਲੀ ਦਿੱਲੀ ਨੂੰ ਜਲਦੀ ਹੀ ਇਕ ਹੋਰ ਵੱਡੀ ਸੌਗਾਤ ਮਿਲਣ ਜਾ ਰਹੀ ਹੈ। ਕੇਂਦਰ ਸਰਕਾਰ ਦੀ 'ਪੀਐੱਮ ਈ-ਡ੍ਰਾਈਵ ਯੋਜਨਾ' ਦੇ ਤਹਿਤ ਇਸੇ ਸਾਲ ਰਾਜਧਾਨੀ ਨੂੰ ਵੱਖ-ਵੱਖ ਪੜਾਵਾਂ 'ਚ 2800 ਨਵੀਆਂ ਇਲੈਕਟ੍ਰਿਕ ਬੱਸਾਂ ਮਿਲਣਗੀਆਂ। ਇਸ ਨਾਲ ਨਾ ਸਿਰਫ਼ ਪ੍ਰਦੂਸ਼ਣ ਘਟੇਗਾ, ਸਗੋਂ ਦਿੱਲੀ ਵਾਸੀਆਂ ਦਾ ਸਫ਼ਰ ਵੀ ਕਾਫੀ ਸੁਵਿਧਾਜਨਕ ਹੋ ਜਾਵੇਗਾ।

ਹਾਲ ਹੀ 'ਚ 300 ਨਵੀਆਂ ਈ-ਬੱਸਾਂ ਦੇ ਸ਼ਾਮਲ ਹੋਣ ਤੋਂ ਬਾਅਦ ਦਿੱਲੀ 'ਚ ਕੁੱਲ ਬੱਸਾਂ ਦੀ ਗਿਣਤੀ 6100 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚੋਂ 4338 ਬੱਸਾਂ ਪੂਰੀ ਤਰ੍ਹਾਂ ਇਲੈਕਟ੍ਰਿਕ ਹਨ। ਪੀਐੱਮ ਈ-ਡ੍ਰਾਈਵ ਸਕੀਮ ਤਹਿਤ ਮਿਲਣ ਵਾਲੀਆਂ 2800 ਨਵੀਆਂ ਬੱਸਾਂ ਦੇ ਸੜਕਾਂ 'ਤੇ ਉਤਰਨ ਤੋਂ ਬਾਅਦ ਦਿੱਲੀ ਦੇ ਜਨਤਕ ਟ੍ਰਾਂਸਪੋਰਟ ਬੇੜੇ 'ਚ ਬੱਸਾਂ ਦਾ ਇਹ ਅੰਕੜਾ ਵੱਧ ਕੇ 9000 ਦੇ ਕਰੀਬ ਪਹੁੰਚ ਜਾਵੇਗਾ। ਯੋਜਨਾ ਅਨੁਸਾਰ ਇਨ੍ਹਾਂ 'ਚੋਂ 1380 ਬੱਸਾਂ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਨੂੰ ਅਤੇ 1420 ਬੱਸਾਂ ਕਲੱਸਟਰ ਸੇਵਾ ਅਧੀਨ ਦਿੱਤੀਆਂ ਜਾਣਗੀਆਂ। ਦਿੱਲੀ ਦੀਆਂ ਮੁੱਖ ਅਤੇ ਚੌੜੀਆਂ ਸੜਕਾਂ 'ਤੇ 12 ਮੀਟਰ ਲੰਬੀਆਂ ਬੱਸਾਂ ਚੱਲਣਗੀਆਂ, ਜਦੋਂ ਕਿ ਤੰਗ ਰਸਤਿਆਂ ਲਈ 7 ਅਤੇ 9 ਮੀਟਰ ਲੰਬੀਆਂ ਬੱਸਾਂ ਦਾ ਸੰਚਾਲਨ ਕੀਤਾ ਜਾਵੇਗਾ।

ਘਟੇਗਾ ਬੱਸ ਦਾ ਇੰਤਜ਼ਾਰ 

ਮੌਜੂਦਾ ਸਮੇਂ 'ਚ ਦਿੱਲੀ 'ਚ ਰੋਜ਼ਾਨਾ ਕਰੀਬ 5800 ਬੱਸਾਂ ਸੇਵਾਵਾਂ ਦੇ ਰਹੀਆਂ ਹਨ, ਪਰ ਯਾਤਰੀਆਂ ਦੀ ਭਾਰੀ ਗਿਣਤੀ ਦੇ ਹਿਸਾਬ ਨਾਲ ਰਾਜਧਾਨੀ ਨੂੰ ਲਗਭਗ 11 ਹਜ਼ਾਰ ਬੱਸਾਂ ਦੀ ਲੋੜ ਹੈ। ਬੱਸਾਂ ਦੀ ਕਮੀ ਕਾਰਨ ਯਾਤਰੀਆਂ ਨੂੰ ਬੱਸ ਸਟਾਪ 'ਤੇ ਔਸਤਨ ਅੱਧਾ ਘੰਟਾ ਇੰਤਜ਼ਾਰ ਕਰਨਾ ਪੈਂਦਾ ਹੈ। ਨਵੀਆਂ ਬੱਸਾਂ ਦੇ ਆਉਣ ਨਾਲ ਦਿੱਲੀ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਇੰਤਜ਼ਾਰ ਦਾ ਸਮਾਂ ਘਟਾ ਕੇ 10 ਮਿੰਟ ਤੋਂ ਵੀ ਘੱਟ ਰਹਿ ਜਾਵੇ। 

2029 ਤੱਕ 100% ਇਲੈਕਟ੍ਰਿਕ ਬੇੜੇ ਦਾ ਟੀਚਾ 

ਇਨ੍ਹਾਂ 2800 ਬੱਸਾਂ ਤੋਂ ਇਲਾਵਾ, ਟ੍ਰਾਂਸਪੋਰਟ ਵਿਭਾਗ ਨੇ 3330 ਵਾਧੂ ਇਲੈਕਟ੍ਰਿਕ ਬੱਸਾਂ ਦੀ ਮੰਗ ਵੀ ਕੇਂਦਰ ਸਰਕਾਰ ਨੂੰ ਭੇਜੀ ਹੈ, ਜੋ ਕਿ ਅਗਲੇ ਸਾਲ ਤੱਕ ਮਿਲਣ ਦੀ ਉਮੀਦ ਹੈ। ਦਿੱਲੀ ਸਰਕਾਰ ਨੇ ਟੀਚਾ ਮਿੱਥਿਆ ਹੈ ਕਿ ਸਾਲ 2029 ਤੱਕ ਰਾਜਧਾਨੀ ਦੀਆਂ ਸੜਕਾਂ 'ਤੇ 12 ਹਜ਼ਾਰ ਇਲੈਕਟ੍ਰਿਕ ਬੱਸਾਂ ਹੋਣ ਅਤੇ ਪੂਰਾ ਬੇੜਾ 100 ਫੀਸਦੀ ਇਲੈਕਟ੍ਰਿਕ ਹੋ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News