ਕੋਲਕਾਤਾ ''ਚ 2 ਨੌਜਵਾਨਾਂ ਦੇ ਕਤਲ ਦੀ ਜਾਂਚ CID ਨੂੰ ਸੌਂਪੀ ਗਈ
Wednesday, Sep 07, 2022 - 05:45 PM (IST)
ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਬਾਗੁਹਾਟੀ ਇਲਾਕੇ ਤੋਂ ਲਾਪਤਾ ਹੋਏ 17 ਸਾਲਾ ਨੌਜਵਾਨਾਂ ਦੇ ਕਤਲ ਦੀ ਜਾਂਚ ਸਰਕਾਰ ਨੇ ਬੁੱਧਵਾਰ ਨੂੰ ਰਾਜ ਦੇ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਨੂੰ ਸੌਂਪ ਦਿੱਤੀ ਹੈ। ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋ ਨੌਜਵਾਨਾਂ ਦੀਆਂ ਲਾਸ਼ਾਂ ਲਾਪਤਾ ਹੋਣ ਤੋਂ ਲਗਭਗ ਇਕ ਪੰਦਰਵਾੜੇ ਬਾਅਦ ਮੁਰਦਾਘਰ ਵਿਚ ਮਿਲੀਆਂ ਸਨ। ਸ਼ਹਿਰੀ ਵਿਕਾਸ ਮੰਤਰੀ ਫਰਹਾਦ ਹਕੀਮ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਇਸ ਘਟਨਾ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਕੋਲਕਾਤਾ ਦੇ ਮੇਅਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਕੀਮ ਨੇ ਕਿਹਾ ਕਿ ਬਿਧਾਨਨਗਰ ਪੁਲਸ ਕਮਿਸ਼ਨਰੇਟ ਦੇ ਅਧੀਨ ਬਾਗੁਹਾਟੀ ਦੇ ਸਟੇਸ਼ਨ ਇੰਚਾਰਜ ਨੂੰ ਵੀ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ,“ਦੋ ਮੁੰਡਿਆਂ ਦੀ ਮੌਤ ਦੀ ਜਾਂਚ ਸੀ.ਆਈ.ਡੀ. ਨੂੰ ਸੌਂਪ ਦਿੱਤੀ ਗਈ ਹੈ। ਸਟੇਸ਼ਨ ਇੰਚਾਰਜ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।''
ਬਿਧਾਨਨਗਰ ਪੁਲਸ ਕਮਿਸ਼ਨਰੇਟ ਦੇ ਅਨੁਸਾਰ, ਦੋਵੇਂ ਮੁੰਡੇ ਅਤਨੂ ਡੇ ਅਤੇ ਅਭਿਸ਼ੇਕ ਨਾਸਕਰ ਦਾ ਕਥਿਤ ਤੌਰ 'ਤੇ ਇਕ ਗੁਆਂਢੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ। ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮਾਮਲੇ 'ਚ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਮੁੱਖ ਦੋਸ਼ੀ ਸਤੇਂਦਰ ਚੌਧਰੀ ਅਤੇ ਉਸ ਦਾ ਸਾਥੀ ਲਾਪਤਾ ਹਨ। ਮ੍ਰਿਤਕ ਮੁੰਡਿਆਂ 'ਚੋਂ ਇਕ ਦੇ ਪਿਤਾ ਨੇ ਕਿਹਾ ਕਿ ਉਹ ਚਾਹੁੰਦਾ ਸੀ ਕਿ ਕਥਿਤ ਕਤਲ ਕੇਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ,‘‘ਮੈਂ ਮੌਤ ਦੀ ਸੀ.ਬੀ.ਆਈ. ਜਾਂਚ ਚਾਹੁੰਦਾ ਹਾਂ ਕਿਉਂਕਿ ਮੈਂ ਸਥਾਨਕ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਯਕੀਨ ਨਹੀਂ ਕਰਦਾ।’’ ਉਨ੍ਹਾਂ ਨੇ ਬੁੱਧਵਾਰ ਸਵੇਰੇ ਵੱਖ-ਵੱਖ ਬਾਗੁਈਹਾਟੀ ਥਾਣਿਆਂ ਦੇ ਸਾਹਮਣੇ ਪੁਲਸ ਦੀ ਕਥਿਤ ਢਿੱਲਮੱਠ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਦੋਵੇਂ ਲੜਕੇ ਬਾਗੁਈਹਾਟੀ ਖੇਤਰ ਤੋਂ ਦੋ ਹਫ਼ਤਿਆਂ ਤੋਂ ਲਾਪਤਾ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬਸੀਰਹਾਟ ਪੁਲਸ ਜ਼ਿਲ੍ਹਾ ਮੁਰਦਾਘਰ ਵਿਚ ਲਾਵਾਰਸ ਹਾਲਤ 'ਚ ਪਈਆਂ ਮਿਲੀਆਂ ਸਨ। ਦੋਵਾਂ ਲਾਸ਼ਾਂ ਦੀ ਪਛਾਣ ਮੰਗਲਵਾਰ ਨੂੰ ਹੋ ਗਈ।