ਯੋਗ ਦਿਵਸ : ਜਲ-ਥਲ ''ਚ ਯੋਗ ਦੀਆਂ ਧੁੰਮਾਂ, ਛੱਤੀਸਗੜ੍ਹ ''ਚ ਬਣਿਆ ਰਿਕਾਰਡ
Friday, Jun 22, 2018 - 10:14 AM (IST)
ਨਵੀਂ ਦਿੱਲੀ— ਚੌਥੇ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਦੇਸ਼ ਵਿਚ ਜਲ-ਥਲ ਅਤੇ ਆਸਮਾਨ ਤੱਕ ਯੋਗ ਦੀਆਂ ਧੁੰਮਾਂ ਰਹੀਆਂ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਆਮ ਲੋਕਾਂ ਤੱਕ ਨੇ ਇਸ ਲੋਕ ਅੰਦੋਲਨ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਦੇਸ਼ ਵਿਚ 21 ਕੇਂਦਰੀ ਮੰਤਰੀਆਂ ਨੇ ਵੱਖ-ਵੱਖ ਥਾਵਾਂ 'ਤੇ ਯੋਗ ਅਭਿਆਸ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ।
ਭਾਰਤੀ ਹਵਾਈ ਫੌਜ ਦੇ ਛਾਤਾਧਾਰੀ ਜਵਾਨਾਂ ਨੇ ਹਵਾਈ ਜਹਾਜ਼ ਤੋਂ ਪੈਰਾਸ਼ੂਟ ਦੀ ਮਦਦ ਨਾਲ ਛਾਲ ਮਾਰ ਕੇ ਹਵਾ ਵਿਚ ਯੋਗ ਅਭਿਆਸ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। 'ਹਵਾ ਨਮਸਕਾਰ ਅਤੇ ਹਵਾ ਪਦਮਾਸਨ' ਵਰਗੇ ਯੋਗ ਅੰਦਾਜ਼ਾਂ ਨਾਲ ਉਨ੍ਹਾਂ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਸਮੁੰਦਰ ਵਿਚ ਭਾਰਤੀ ਸਮੁੰਦਰੀ ਫੌਜ ਦੇ ਜਵਾਨਾਂ ਨੇ ਜੰਗੀ ਬੇੜੇ ਆਈ. ਐੱਨ. ਐੱਸ. ਕਾਮੋਰਦਾ ਅਤੇ ਪਨਡੁੱਬੀ ਆਈ. ਐੱਨ. ਐੱਸ. ਸਿੰਧੂਕੀਰਤੀ 'ਚ ਵੀ ਯੋਗ ਆਸਨ ਕੀਤੇ।

ਇਸ ਮੌਕੇ ਛੱਤੀਸਗੜ੍ਹ ਵਿਚ ਸੂਬੇ ਦੀ ਅੱਧੀ ਆਬਾਦੀ ਲਗਭਗ 1 ਕਰੋੜ ਵਿਅਕਤੀਆਂ ਨੇ ਯੋਗ ਅਭਿਆਸ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ। ਸੂਬੇ ਦੇ 50 ਲੱਖ ਲੋਕਾਂ ਵਲੋਂ ਇਕੱਠਿਆਂ ਯੋਗ ਅਭਿਆਸ ਕਰਨ ਦੇ ਪਿਛਲੇ ਰਿਕਾਰਡ ਨੂੰ ਤੋੜਦਿਆਂ ਇਹ ਨਵਾਂ ਰਿਕਾਰਡ ਬਣਾਇਆ ਗਿਆ। ਇਸਨੂੰ ਗੋਲਡਨ ਬੁੱਕ ਆਫ ਵਰਲਡ ਰਿਕਾਰਡ ਵਿਚ ਵੀ ਦਰਜ ਕੀਤਾ ਗਿਆ।
ਦੇਹਰਾਦੂਨ ਦੇ ਜੰਗਲਾਤ ਖੋਜ ਅਦਾਰਾ ਕੰਪਲੈਕਸ ਵਿਚ 50 ਹਜ਼ਾਰ ਤੋਂ ਵੱਧ ਲੋਕਾਂ ਨਾਲ ਸਵੇਰੇ ਯੋਗ ਆਸਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੁਰਾਤਨ ਭਾਰਤੀ ਯੋਗ ਪ੍ਰੰਪਰਾ ਇਸ ਸੰਘਰਸ਼ ਭਰੀ ਦੁਨੀਆ ਨੂੰ ਇਕਮੁੱਠ ਕਰਨ ਵਾਲੀ ਸਭ ਤੋਂ ਵੱਡੀ ਲੋਕ ਅੰਦੋਲਨ ਬਣ ਕੇ ਉਭਰੀ ਹੈ।
ਅੰਗਰੇਜ਼ਾਂ ਦੇ ਜ਼ਮਾਨੇ ਵਿਚ ਬਣੀ ਐੱਫ. ਆਈ. ਆਰ. ਅਦਾਰੇ ਦੀ ਇਮਾਰਤ ਦੇ ਪਿਛੋਕੜ ਵਿਚ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਯੋਗ ਨੇ ਦੁਨੀਆ ਨੂੰ ਰੋਗ ਤੋਂ ਨਿਰੋਗ ਦਾ ਰਾਹ ਦਿਖਾਇਆ ਹੈ। ਇਹ ਸਮੁੱਚੀ ਦੁਨੀਆ ਦੇ ਲੋਕਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਰਿਹਾ ਹੈ। ਸੱਚਾਈ ਇਹ ਹੈ ਕਿ ਸਿਹਤ ਅਤੇ ਤੰਦਰੁਸਤੀ ਦੀ ਭਾਲ ਵਿਚ ਯੋਗ ਦਿਵਸ ਦੁਨੀਆ ਦੇ ਸਭ ਤੋਂ ਵੱਡੇ ਅੰਦੋਲਨ ਦਾ ਰੂਪ ਲੈ ਚੁੱਕਾ ਹੈ। ਲੋਕਾਂ ਦਾ ਸਿਹਤਮੰਦ ਹੋਣਾ ਸ਼ਾਂਤਮਈ ਦੁਨੀਆ ਦੀ ਸਥਾਪਨਾ ਲਈ ਬੇਹੱਦ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸਭ ਲਈ ਇਹ ਮਾਣ ਵਾਲੀ ਗੱਲ ਹੈ ਕਿ ਅੱਜ ਜਿਥੇ-ਜਿਥੇ ਸੂਰਜ ਦੇ ਨਾਲ ਪਹਿਲੀ ਕਿਰਨ ਪਹੁੰਚ ਰਹੀ ਹੈ, ਉਥੇ ਰੌਸ਼ਨੀ ਦਾ ਪਸਾਰ ਹੋ ਰਿਹਾ ਹੈ। ਲੋਕ ਯੋਗ ਦੇ ਨਾਲ ਹੀ ਸੂਰਜ ਦਾ ਸਵਾਗਤ ਕਰ ਰਹੇ ਹਨ।
ਦੇਹਰਾਦੂਨ ਤੋਂ ਲੈ ਕੇ ਡਬਲਿਨ ਤੱਕ, ਸ਼ੰਘਾਈ ਤੋਂ ਲੈ ਕੇ ਸ਼ਿਕਾਗੋ ਤੱਕ, ਜਕਾਰਤਾ ਤੋਂ ਲੈ ਕੇ ਜੋਹਾਨਸਬਰਗ ਤੱਕ ਹਰ ਪਾਸੇ ਯੋਗ ਹੀ ਯੋਗ ਹੈ। ਯੋਗ ਸਮਾਜ ਵਿਚ ਇਕਰੂਪਤਾ ਲਿਆਉਂਦਾ ਹੈ ਅਤੇ ਇਹੀ ਇਕਰੂਪਤਾ ਕੌਮੀ ਏਕਤਾ ਦਾ ਆਧਾਰ ਬਣ ਸਕਦੀ ਹੈ
ਕੋਟਾ 'ਚ ਇਕ ਹੀ ਥਾਂ ਇਕ ਲੱਖ ਤੋਂ ਵੱਧ ਲੋਕਾਂ ਨੇ ਕੀਤਾ ਯੋਗ
ਰਾਜਸਥਾਨ ਦੇ ਕੋਟਾ ਵਿਖੇ ਵਿਸ਼ਵ ਰਿਕਾਰਡ ਬਣਾਇਆ ਗਿਆ। ਇਸ ਸੈਸ਼ਨ ਦੌਰਾਨ ਇਕ ਲੱਖ ਤੋਂ ਵੱਧ ਲੋਕਾਂ ਨੇ ਇਕੱਠਿਆਂ ਯੋਗ ਅਭਿਆਸ ਕੀਤਾ। ਯੋਗਗੁਰੂ ਰਾਮਦੇਵ ਦੇ ਯੋਗ ਸੈਸ਼ਨ ਵਿਚ ਮੁੱਖ ਮੰਤਰੀ ਵਸੁੰਧਰਾ ਰਾਜੇ ਵੀ ਸ਼ਾਮਲ ਹੋਈ। ਇਸ ਤੋਂ ਪਹਿਲਾਂ ਪਿਛਲੇ ਸਾਲ ਮੈਸੂਰ ਵਿਖੇ 55524 ਲੋਕਾਂ ਨੇ ਯੋਗ ਕਰ ਕੇ ਰਿਕਾਰਡ ਬਣਾਇਆ ਸੀ।
ਵਿਦੇਸ਼ਾਂ 'ਚ ਵੀ ਉਤਸ਼ਾਹ ਨਾਲ ਮਨਾਇਆ ਗਿਆ ਯੋਗ ਦਿਵਸ
ਪਾਕਿਸਤਾਨ ਸਮੇਤ ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ 'ਚ ਵੀ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸਲਾਮਾਬਾਦ,ਚੀਨ, ਨੇਪਾਲ, ਯੂਰਪੀਨ ਦੇਸ਼ ਕ੍ਰੋਏਸ਼ੀਆ ਦੇ 35 ਸ਼ਹਿਰਾਂ ਵਿਚ ਕੌਮਾਂਤਰੀ ਯੋਗ ਦਿਵਸ ਦੇ ਮੌਕੇ 'ਤੇ ਯੋਗ ਸੈਸ਼ਨ ਆਯੋਜਿਤ ਕੀਤੇ ਗਏ। ਫਿਨਲੈਂਡ ਵਿਖੇ ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਭਾਰਤੀ ਰਾਜਦੂਤ ਵਾਨੀ ਰਾਓ ਨੇ ਯੋਗ ਦਿਵਸ ਦੇ ਮੌਕੇ 'ਤੇ ਆਯੋਜਿਤ ਇਕ ਪ੍ਰੋਗਰਾਮ ਦਾ ਉਦਘਾਟਨ ਕਰ ਕੇ ਉਸ 'ਚ ਹਿੱਸਾ ਲਿਆ।
