ਜ਼ਿੰਦਗੀ ਦੀ ਬਾਜੀ ਲਗਾ ਦਾਰੋਗਾ ਨੇ ਬਚਾਈ ਦਿਵਯਾਂਗ ਦੀ ਜਾਨ, ਹੁਣ ਯੋਗੀ ਸਰਕਾਰ ਦੇਵੇਗੀ ਇਨਾਮ
Monday, Jun 21, 2021 - 04:53 PM (IST)
ਲਖਨਊ- ਉੱਤਰ ਪ੍ਰਦੇਸ਼ ਸਰਕਾਰ ਨੇ ਅਲੀਗੜ੍ਹ ਗੰਗਨਹਿਰ 'ਚ ਡੁੱਬ ਰਹੇ ਦਿਵਯਾਂਗ ਵਿਅਕਤੀ ਦੀ ਜਾਨ ਬਚਾਉਣ ਵਾਲੇ ਦਾਰੋਗਾ ਆਸ਼ੀਸ਼ ਕੁਮਾਰ ਨੂੰ 50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ ਹੈ। ਉੱਥੇ ਹੀ ਦਾਰੋਗਾ ਦੀ ਇਸ ਉਪਲੱਬਧੀ 'ਤੇ ਪੂਰਾ ਮਹਿਕਮਾ ਖ਼ੁਸ਼ ਹੈ। ਦਾਰੋਗਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਹਸ ਅਤੇ ਬਹਾਦਰੀ ਨਾਲ ਨਹਿਰ 'ਚ ਛਾਲ ਮਾਰ ਕੇ ਪੰਨਾਲਾਲ ਨੂੰ ਸਹੀ ਸਲਾਮ ਨਹਿਰ 'ਚੋਂ ਬਾਹਰ ਕੱਢਣ 'ਚ ਸਫ਼ਲਤਾ ਪ੍ਰਾਪਤ ਕੀਤੀ।
ਗ੍ਰਹਿ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆਕਿ ਅਲੀਗੜ੍ਹ ਜ਼ਿਲ੍ਹੇ ਦੇ ਥਾਣਾ ਦਾਦੋਂ 'ਚ ਤਾਇਨਾਤ ਡਿਪਟੀ ਇੰਸਪੈਕਟਰ ਆਸ਼ੀਸ਼ ਕੁਮਾਰ ਨੇ 20 ਜੂਨ ਨੂੰ ਗੰਗਨਹਿਰ 'ਚ ਡੁੱਬ ਰਹੇ ਵਿਅਕਤੀ ਦੀ ਜਾਨ ਬਚਾਉਣ ਦਾ ਬਹਾਦਰੀ ਭਰਿਆ ਕੰਮ ਕੀਤਾ ਸੀ। ਉਨ੍ਹਾਂ ਦੱਸਿਆਕਿ ਇਸ ਬਹਾਦਰੀ ਭਰੇ ਕੰਮ ਨੂੰ ਦੇਖਦੇ ਹੋਏ ਡਿਪਟੀ ਇੰਸਪੈਕਟਰ ਆਸ਼ੀਸ਼ ਕੁਮਾਰ ਦਾ ਉਤਸ਼ਾਹ ਵਧਾਉਣ ਲਈ ਪ੍ਰਦੇਸ਼ ਸਰਕਾਰ ਵਲੋਂ 50 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ 20 ਜੂਨ ਨੂੰ ਡਿਪਟੀ ਇੰਸਪੈਕਟਰ, ਆਸ਼ੀਸ਼ ਕੁਮਾਰ ਦੀ ਡਿਊਟੀ ਗੰਗਨਹਿਰ ਸਾਕਰਾ 'ਤੇ ਦੋਵੇਂ ਨਹਿਰਾਂ ਵਿਚਾਲੇ ਪੁਲ 'ਤੇ ਲੱਗੀ ਸੀ। ਹਾਰੂਨਪੁਰ ਖੁਰਦ ਵਾਸੀ ਪੰਨਾਲਾਲ ਨਹਿਰ ਦੀ ਪੱਟੜੀ 'ਤੇ ਖੜ੍ਹਾ ਸੀ ਕਿ ਅਚਾਨਕ ਗੰਗਨਹਿਰ 'ਚ ਡਿੱਗ ਗਿਆ। ਜਿਸ ਨੂੰ ਦੇਖ ਕੇ ਨੇੜੇ-ਤੇੜੇ ਦੇ ਲੋਕ ਚੀਕਣ ਲੱਗੇ। ਆਵਾਜ਼ ਸੁਣਕੇ ਉੱਥੇ ਡਿਊਟੀ 'ਤੇ ਤਾਇਨਾਤ ਦਾਰੋਗਾ ਆਸ਼ੀਸ਼ ਕੁਮਾਰ ਉਸ ਨੂੰ ਬਚਾਉਣ ਲਈ ਬਿਨਾਂ ਦੇਰੀ ਲਏ ਗੰਗਨਹਿਰ 'ਚ ਛਾਲ ਮਾਰ ਦਿੱਤੀ ਅਤੇ ਉਸ ਨੂੰ ਗੰਗਨਹਿਰ ਤੋਂ ਬਾਹਰ ਕੱਢ ਕੇ ਸਹੀ ਸਲਾਮਤ ਘਰ ਪਹੁੰਚਾਇਆ ਸੀ।