ਵ੍ਹੀਲਚੇਅਰ ’ਤੇ ਬੈਠ ਕੇ ਸੁਫ਼ਨਿਆਂ ਨੂੰ ਖੰਭ ਲਾ ਰਹੀ ਇੰਸ਼ਾਹ ਬਸ਼ੀਰ
Thursday, Feb 10, 2022 - 06:13 PM (IST)
ਕਸ਼ਮੀਰ- ਕਸ਼ਮੀਰ ਦੀ ਪਹਿਲੀ ਵ੍ਹੀਲਚੇਅਰ ਬਾਸਕਟਬਾਲ ਖਿਡਾਰਨ ਇੰਸ਼ਾਹ ਬਸ਼ੀਰ, ਬਡਗਾਮ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਭਾਵੇਂ ਹੀ ਉਹ ਵ੍ਹੀਲਚੇਅਰ ’ਤੇ ਹੈ ਪਰ ਉਸ ਦੀ ਖੇਡ ਪ੍ਰਤੀ ਦਿਲਚਸਪੀ ਨੇ ਸਭ ਕੁਝ ਬਦਲ ਦਿੱਤਾ। ਬਸ਼ੀਰ ਨੇ 2019 ’ਚ ਅਮਰੀਕਾ ’ਚ ਭਾਰਤ ਦੀ ਨੁਮਾਇੰਦਗੀ ਕੀਤੀ। ਜੰਮੂ-ਕਸ਼ਮੀਰ ਮਹਿਲਾ ਟੀਮ ਦੀ ਕਪਤਾਨ ਵਜੋਂ ਰਾਸ਼ਟਰੀ ਚੈਂਪੀਅਨਿਸ਼ਪ ’ਚ ਹਿੱਸਾ ਲਿਆ। ਬਸ਼ੀਰ ਦਾ ਟੀਚਾ ਸਪੱਸ਼ਟ ਹੈ। ਉਹ ਚਾਹੁੰਦੀ ਹੈ ਕਿ ਮੇਰੀ ਟੀਮ ਨੂੰ ਖੇਡਣ ਅਤੇ ਸਿਖਲਾਈ ਦੇਣ ਤੋਂ ਇਲਾਵਾ ਫੋਕਸ ਦਿਵਯਾਂਗ ਕੁੜੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨਾ। ਇਹ ਫੋਕਸ ਨਾ ਸਿਰਫ਼ ਕਸ਼ਮੀਰ ਸਗੋਂ ਦੇਸ਼ ਭਰ ਵਿਚ ਹੋਵੇਗਾ। ਉਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਉਹ ਆਪਣੀ ਜ਼ਿੰਦਗੀ ’ਚ ਆਪਣੀ ਗੱਲ ਰੱਖ ਸਕਣ।
ਬਸ਼ੀਰ ਜਦੋਂ 15 ਸਾਲ ਦੀ ਸੀ ਤਾਂ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਉਹ ਵ੍ਹੀਲਚੇਅਰ ’ਤੇ ਹੈ। ਉਸ ਦਾ ਕਹਿਣਾ ਹੈ ਕਿ ਮੈਂ ਇਸ ਹਾਦਸੇ ਤੋਂ ਬਾਅਦ ਉਦਾਸ ਸੀ। ਇਹ ਖੇਡ ਹੀ ਹੈ, ਜਿਸ ਨੇ ਹਰ ਦਿਨ ਦੀ ਉਡੀਕ ਕਰਨ ਦੇ ਨਾਲ-ਨਾਲ ਉਸ ਨੂੰ ਹਿੰਮਤ ਦਿੱਤੀ ਅਤੇ ਬਾਸਕਟਬਾਲ ਨੇ ਸਭ ਕੁਝ ਬਦਲ ਦਿੱਤਾ। ਇਸ ਤੋਂ ਬਾਅਦ ਉਸ ਨੇ ਸਖਤ ਮਿਹਨਤ ਅਤੇ ਅੱਗੇ ਵੱਧਣ ਦਾ ਸੰਕਲਪ ਲਿਆ। 27 ਸਾਲਾ ਬਸ਼ੀਰ ਨੂੰ ਅਮਰੀਕੀ ਵਣਜ ਦੂਤਘਰ ਵਲੋਂ 2019 ਵਿਚ ਵੱਕਾਰੀ ਸਪੋਰਟਸ ਵਿਜ਼ੀਟਰ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਮੈਂ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਅਤੇ ਹੁਣ ਮੇਰੀ ਆਪਣੀ ਟੀਮ ਹੈ। ਕਈ ਵੱਖ-ਵੱਖ ਦਿਵਯਾਂਗ ਜੋ ਆਪਣੀ ਜ਼ਿੰਦਗੀ ਵਿਚ ਅਸਫ਼ਲਤਾਵਾਂ ਦੇ ਬਾਵਜੂਦ ਲੰਬੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਲਗਾਤਾਰ ਮੇਰੇ ਸੰਪਰਕ ਵਿਚ ਹਨ।
ਬਸ਼ੀਰ ਨੇ ਕਿਹਾ ਕਿ 2019 ’ਚ ਕਸ਼ਮੀਰ ਵਾਪਸ ਆਉਣ ਅਤੇ ਜੰਮੂ-ਕਸ਼ਮੀਰ ਵ੍ਹੀਲਚੇਅਰ ਬਾਸਕਟਬਾਲ ਮਹਿਲਾ ਟੀਮ ਬਣਾਉਣ ਦਾ ਫ਼ੈਸਲਾ ਕੀਤਾ। ਕੁਝ ਮੁੰਡਿਆਂ ਨੇ ਜੋ ਰਾਸ਼ਟਰੀ ਟੀਮ ਵਿਚ ਖੇਡੇ, ਉਨ੍ਹਾਂ ਨੇ ਮੈਨੂੰ ਕੁੜੀਆਂ ਨਾਲ ਜੁੜਨ ਵਿਚ ਮਦਦ ਕੀਤੀ। ਲੱਗਭਗ 12 ਕੁੜੀਆਂ ਸ਼ਾਮਲ ਹੋਈਆਂ ਅਤੇ ਹੁਣ 6 ਹਨ। ਮੈਂ ਵ੍ਹੀਲਚੇਅਰ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਦੀ ਧੰਨਵਾਦੀ ਹਾਂ, ਜੋ ਮੇਰੇ ਨਾਲ ਖੜ੍ਹਾ ਰਿਹਾ ਅਤੇ 2019 ਵਿਚ ਇੱਥੇ ਕੈਂਪ ਲਾਇਆ।