ਹਿੰਦ-ਪ੍ਰਸ਼ਾਂਤ ਖੇਤਰ ’ਚ ਭਾਰਤ ਦੀ ਵਧਦੀ ਤਾਕਤ ਦਾ INS ਵਿਕਰਾਂਤ ਪਹਿਲਾ ਕਦਮ : ਰਾਜਨਾਥ
Sunday, Sep 04, 2022 - 03:02 PM (IST)
ਵਾਰਾਣਸੀ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਏਅਰਕ੍ਰਾਫਟ ਕੈਰੀਅਰ ‘ਆਈ. ਐੱਨ. ਐੱਸ. ਵਿਕਰਾਂਤ’ ਨੂੰ ਭਾਰਤੀ ਸਮੁੰਦਰੀ ਫੌਜ ’ਚ ਸ਼ਾਮਲ ਕੀਤਾ ਜਾਣਾ ਹਿੰਦ-ਪ੍ਰਸ਼ਾਂਤ ਖੇਤਰ ’ਚ ਭਾਰਤ ਦੀ ਵਧਦੀ ਤਾਕਤ ਨੂੰ ਦਰਸਾਉਣ ਲਈ ਪਹਿਲਾ ਕਦਮ ਹੈ। ਉੱਤਰ ਪ੍ਰਦੇਸ਼ ’ਚ ਵਾਰਾਣਸੀ ਦੇ 2 ਦਿਨਾ ਦੌਰੇ ਦੇ ਦੂਜੇ ਦਿਨ ਸ਼ਨੀਵਾਰ ਨੂੰ ਸਿੰਘ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿਚ ਦਰਸ਼ਨ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਸਵਦੇਸ਼ੀ ਤਕਨੀਕ ਨਾਲ ਇੰਨਾ ਵੱਡਾ ਏਅਰਕ੍ਰਾਫਟ ਕੈਰੀਅਰ ਬਣਾਉਣ ਵਾਲਾ ਭਾਰਤ ਦੁਨੀਆ ਦਾ ਸੱਤਵਾਂ ਦੇਸ਼ ਬਣ ਗਿਆ ਹੈ। ਇਹ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸ਼ਕਤੀਸ਼ਾਲੀ ਦੇਸ਼ ਵਜੋਂ ਭਾਰਤ ਦੀ ਵਧਦੀ ਤਾਕਤ ਦਾ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਭਾਰਤ ਸਿਰਫ਼ ਰੱਖਿਆ ਖੇਤਰ ਵਿਚ ਹੀ ਨਹੀਂ, ਸਗੋਂ ਹੋਰ ਸਾਰੇ ਖੇਤਰਾਂ ਵਿਚ ਵੀ ਆਤਮ-ਨਿਰਭਰ ਬਣ ਰਿਹਾ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਘ ਦੀ ਮੌਜੂਦਗੀ ’ਚ ਸ਼ੁੱਕਰਵਾਰ ਨੂੰ ਭਾਰਤੀ ਸਮੁੰਦਰੀ ਫੌਜ ’ਚ ਆਈ. ਐੱਨ. ਐੱਸ. ਵਿਕਰਾਂਤ ਨੇ ਸ਼ਾਮਲ ਕੀਤਾ। ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ ਬਣੇ ਆਈ. ਐੱਨ. ਐੱਸ. ਵਿਕਰਾਂਤ ਦਾ ਨਿਰਮਾਣ ਕੋਚੀਨ ਸ਼ਿਪਯਾਰਡ ਲਿਮਟਿਡ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸੰਕਟ ਮੋਚਨ ਮੰਦਰ ’ਚ ਵੀ ਦਰਸ਼ਨ ਪੂਜਨ ਕੀਤਾ। ਯਾਤਰਾ ਦੇ ਪਹਿਲੇ ਦਿਨ ਰਾਜਨਾਥ ਸਿੰਘ ਨੇ ਇਕ ਕਿਤਾਬ ਵੀ ਜਾਰੀ ਕੀਤੀ। ਸੀਨੀਅਰ ਪੱਤਰਕਾਰ ਹੇਮੰਤ ਸ਼ਰਮਾ ਵੱਲੋਂ ਲਿਖੀ ਕਿਤਾਬ ‘ਦੇਖੋ ਹਮਾਰੀ ਕਾਸ਼ੀ’ ਨੂੰ ਜਾਰੀ ਕਰਨ ਮੌਕੇ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੀਨੀਅਰ ਨੇਤਾ ਦੱਤਾਤ੍ਰੇਯ ਹੋਸਬੋਲੇ ਵੀ ਮੌਜੂਦ ਸਨ।