ਸ਼੍ਰੀਨਗਰ ’ਚ ਪੁਲਸ ਬੱਸ ’ਤੇ ਅੱਤਵਾਦੀ ਹਮਲੇ ’ਚ ਜ਼ਖਮੀ ਕਾਂਸਟੇਬਲ ਦੀ ਮੌਤ, ਮਿ੍ਰਤਕਾਂ ਦੀ ਗਿਣਤੀ ਹੋਈ 3
Tuesday, Dec 14, 2021 - 12:09 PM (IST)
ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਵਿਚ ਸ਼੍ਰੀਨਗਰ ਦੇ ਬਾਹਰੀ ਇਲਾਕੇ ਵਿਚ ਸੋਮਵਾਰ ਨੂੰ ਪੁਲਸ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਅੱਤਵਾਦੀ ਹਮਲੇ ’ਚ ਜ਼ਖਮੀ ਕਾਂਸਟੇਬਲ ਦੀ ਮੰਗਲਵਾਰ ਨੂੰ ਮੌਤ ਹੋ ਗਈ, ਜਿਸ ਨਾਲ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਹਥਿਆਰਬੰਦ ਫੋਰਸ ਪੁਲਸ ਦੀ 92ਵੀਂ ਬਟਾਲੀਅਨ ਵਿਚ ਵਰਕਰ ਕਾਂਸਟੇਬਲ ਰਮੀਜ਼ ਅਹਿਮਦ ਦੀ ਇੱਥੇ ਫ਼ੌਜ ਦੇ 92ਵੇਂ ਬੇਸ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਦੱਸ ਦੇਈਏ ਕਿ ਘੱਟ ਚਰਚਿੱਤ ਸੰਗਠਨ ਕਸ਼ਮੀਰ ਟਾਈਗਰ ਨੇ ਸ਼੍ਰੀਨਗਰ ਦੇ ਬਾਹਰੀ ਇਲਾਕੇ ਜੇਵਾਨ ਵਿਚ ਪੁਲਸ ਬੱਸ ’ਤੇ ਸੋਮਵਾਰ ਨੂੰ ਹਮਲਾ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੈ। ਇਸ ਹਮਲੇ ਵਿਚ ਸਬ-ਇੰਸਪੈਕਟਰ ਗੁਲਾਮ ਹਸਨ ਅਤੇ ਕਾਂਸਟੇਬਲ ਸ਼ਫੀਕ ਅਲੀ ਸ਼ਹੀਦ ਹੋ ਗਏ ਸਨ, ਜਦਕਿ ਰਮੀਜ਼ ਸਮੇਤ 12 ਹੋਰ ਜ਼ਖਮੀ ਹੋ ਗਏ ਸਨ। ਇਹ ਹਮਲਾ ਜੈਸ਼-ਏ-ਮੁਹੰਮਦ ਵਲੋਂ ਰਾਸ਼ਟਰੀ ਰਾਜਧਾਨੀ ਵਿਚ ਸੰਸਦ ਦੀ ਇਮਾਰਤ ’ਤੇ ਕੀਤੇ ਗਏ ਹਮਲੇ ਦੀ 20ਵੀਂ ਬਰਸੀ ਮੌਕੇ ਕੀਤਾ ਗਿਆ।