ਧਾਰਾ 370 ਹੱਟਣ ਤੋਂ ਬਾਅਦ ਪਹਿਲੀ ਵਾਰ ਹੋਵੇਗੀ ਭਾਰਤ-ਪਾਕਿ ਦੇ ਸਿੰਧ ਕਮਿਸ਼ਨਰਾਂ ਦੀ ਬੈਠਕ
Thursday, Mar 18, 2021 - 08:49 PM (IST)
ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਦੇ ਸਿੰਧ ਕਮਿਸ਼ਨਰਾਂ ਦੀ ਇੱਥੇ 23 ਅਤੇ 24 ਮਾਰਚ ਨੂੰ ਮੁਲਾਕਾਤ ਹੋਵੇਗੀ ਜਿਸ ਦੌਰਾਨ ਚਿਨਾਬ ਨਦੀ 'ਤੇ ਭਾਰਤ ਦੀ ਪਣ ਬਿਜਲੀ ਪ੍ਰਾਜੈਕਟਾਂ ਦੇ ਡਿਜ਼ਾਈਨ 'ਤੇ ਇਸਲਾਮਾਬਾਦ ਦੀਆਂ ਚਿੰਤਾਵਾਂ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਵੇਗੀ। ਇਹ ਸਥਾਈ ਸਿੰਧੂ ਕਮਿਸ਼ਨ ਦੀ ਸਾਲਾਨਾ ਬੈਠਕ ਹੋਵੇਗੀ। ਸਿੰਧ ਜਲ ਸਮਝੌਤੇ ਦੇ ਪ੍ਰਬੰਧਾਂ ਦੇ ਤਹਿਤ ਦੋਨਾਂ ਕਮਿਸ਼ਨਰਾਂ ਨੂੰ ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਕ੍ਰਮਵਾਰ ਤਰੀਕੇ ਨਾਲ ਭਾਰਤ ਅਤੇ ਪਾਕਿਸਤਾਨ ਵਿੱਚ ਮੁਲਾਕਾਤ ਕਰਣਾ ਹੁੰਦਾ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰਣ ਤੋਂ ਬਾਅਦ ਕਮੇਟੀ ਦੀ ਇਹ ਪਹਿਲੀ ਬੈਠਕ ਹੈ।
ਭਾਰਤ ਦੇ ਸਿੰਧ ਕਮਿਸ਼ਨਰ ਪੀ.ਕੇ ਸਕਸੇਨਾ ਨੇ ਦੱਸਿਆ ਕਿ ਇਹ ਬੈਠਕ 23 ਅਤੇ 24 ਮਾਰਚ ਨੂੰ ਨਵੀਂ ਦਿੱਲੀ ਵਿੱਚ ਹੋਵੇਗੀ। ਇਹ ਬੈਠਕ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਖ਼ਤਮ ਕੀਤੇ ਜਾਣ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਖੇਤਰਾਂ-ਲੱਦਾਖ ਅਤੇ ਜੰਮੂ-ਕਸ਼ਮੀਰ ਵਿੱਚ ਵੰਡਣ ਤੋਂ ਬਾਅਦ ਪਹਿਲੀ ਵਾਰ ਆਯੋਜਿਤ ਹੋ ਰਹੀ ਹੈ। ਇਸ ਤੋਂ ਬਾਅਦ ਭਾਰਤ ਨੇ ਲੱਦਾਖ ਵਿੱਚ ਕਈ ਪਣ ਬਿਜਲੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਲੇਹ ਲਈ ਦੁਰਬੁਕ ਸ਼ਯੋਕ (19 ਮੈਗਾਵਾਟ), ਸ਼ਾਂਕੂ (18.5 ਮੈਗਾਵਾਟ), ਨਿਮੂ ਚਿਲਿੰਗ (24 ਮੈਗਾਵਾਟ), ਰੋਂਗਡੂ (12 ਮੈਗਾਵਾਟ), ਰਤਨ ਨਾਗ (10.5 ਮੈਗਾਵਾਟ) ਉਥੇ ਹੀ ਕਾਰਗਿਲ ਲਈ ਮੰਗਦੁਮ ਸੰਗਰਾ (19 ਮੈਗਾਵਾਟ), ਕਾਰਗਿਲ ਹੁੰਦੇਰਮਨ (25 ਮੈਗਾਵਾਟ) ਅਤੇ ਤਮਾਸ਼ਾ (12 ਮੈਗਾਵਾਟ) ਪ੍ਰਾਜੈਕਟ ਸ਼ਾਮਲ ਹਨ।
ਭਾਰਤ ਨੇ ਪਾਕਿਸਤਾਨ ਨੂੰ ਇਨ੍ਹਾਂ ਪ੍ਰਾਜੈਕਟਾਂ ਬਾਰੇ ਜਾਣਕਾਰੀ ਦੇ ਦਿੱਤੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਬੈਠਕ ਦੌਰਾਨ ਇਸ 'ਤੇ ਚਰਚਾ ਹੋ ਸਕਦੀ ਹੈ। ਸਕਸੇਨਾ ਨੇ ਦੱਸਿਆ ਕਿ ਚਿਨਾਬ ਨਦੀ 'ਤੇ ਭਾਰਤ ਦੀ ਪਣ ਬਿਜਲੀ ਪ੍ਰਾਜੈਕਟਾਂ ਦੇ ਡਿਜ਼ਾਈਨ 'ਤੇ ਇਸਲਾਮਾਬਾਦ ਦੀਆਂ ਚਿੰਤਾਵਾਂ 'ਤੇ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਹ ਬੈਠਕ ਮਾਰਚ 2020 ਵਿੱਚ ਹੋਣੀ ਸੀ ਪਰ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਸਮਝੌਤੇ 'ਤੇ ਹਸਤਾਖਰ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਬੈਠਕ ਨੂੰ ਰੱਦ ਕੀਤਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।