ਗ੍ਰਹਿ ਮੰਤਰਾਲੇ ਦੀ ਰਿਪੋਰਟ ''ਚ ਸਪੇਨ ਦੀ ਸਰਹੱਦ ਨੂੰ ਦੱਸਿਆ ਭਾਰਤ-ਪਾਕਿ ਬਾਰਡਰ
Wednesday, Jun 14, 2017 - 09:02 PM (IST)
ਨਵੀਂ ਦਿੱਲੀ— ਭਾਰਤ ਲਈ ਪਾਕਿਸਾਤਨ ਨਾਲ ਲੱਗਦੀ ਸਰਹੱਦ ਹਮੇਸ਼ਾ ਤੋਂ ਸਿਰਦਰਦ ਰਹੀ ਹੈ। ਸਰਹੱਦ ਪਾਰ ਤੋਂ ਹੋਣ ਵਾਸੀ ਘੁਸਪੈਠ ਨੂੰ ਰੋਕਣ ਲਈ ਸਰਕਾਰ ਹਰ ਸੰਭਵ ਕਦਮ ਚੁੱਕ ਰਹੀ ਹੈ। ਇਸੇ ਤਹਿਤ ਬਾਰਡਰ 'ਤੇ ਫਲੱਡ ਲਾਈਟਾਂ ਵੀ ਲਗਾਈਆਂ ਗਈਆਂ ਹਨ। ਗ੍ਰਹਿ ਮੰਤਰਾਲੇ ਦੀ ਸਾਲਾਨਾ ਰਿਪੋਰਟ 'ਚ ਵੀ ਇਨ੍ਹਾਂ ਫਲੱਡ ਲਾਈਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸ਼ਾਮਲ ਕੀਤੀ ਗਈ ਹੈ ਪਰ ਮਜ਼ੇ ਦੀ ਗੱਲ ਇਹ ਹੈ ਕਿ ਇਸ ਰਿਪੋਰਟ 'ਚ ਫਲੱਡ ਲਾਈਟਾਂ ਦਿਖਾਉਣ ਲਈ ਜੋ ਤਸਵੀਰ ਇਸਤੇਮਾਲ ਕੀਤੀ ਗਈ ਹੈ ਉਹ ਭਾਰਤ ਦੀ ਨਹੀਂ ਸਗੋਂ ਸਪੇਨ-ਮੋਰੱਕੋ ਦੇ ਬਾਰਡਰ ਦੀ ਹੈ। ਖਾਸ ਗੱਲ ਇਹ ਹੈ ਕਿ ਗ੍ਰਹਿ ਮੰਤਰਾਲੇ ਦੀ ਰਿਪੋਰਟ ਵਾਂਗ ਸੋਸ਼ਲ ਮੀਡੀਆ 'ਤੇ ਵੀ ਸਪੇਨ-ਮੋਰੱਕੋ ਦੀ ਇਹ ਪਿਕਚਰ ਟਿਊਬ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਇਸ ਬਾਰਡਰ ਨੂੰ ਲੈ ਕੇ ਮੋਦੀ ਸਰਕਾਰ ਦੀ ਚੁਸਤੀ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ।
ਇਕ ਨਿਊਜ਼ ਚੈਨਲ ਮੁਤਾਬਕ ਤਸਵੀਰ ਮੋਦੀ ਸਰਕਾਰ ਦੇ ਕਾਰਜਕਾਲ ਦੀ ਨਹੀਂ ਸਗੋਂ 2006 ਦੀ ਹੈ। ਫੋਟੋ ਖਿੱਚਣ ਵਾਲੇ ਫੋਟੋਗ੍ਰਾਫਰ ਦਾ ਨਾਂ ਜੇਵੀਅਰ ਮੋਯਾਨੋ ਦੱਸਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਇਹ ਤਸਵੀਰ ਸਪੇਨ-ਮੋਰੱਕੋ ਬਾਰਡਰ ਦੀਆਂ ਫਲੱਡ ਲਾਈਟਾਂ ਨੂੰ ਦਿਖਾਉਣ ਲਈ ਖਿੱਚੀ ਸੀ।
ਇਸ ਮਾਮਲੇ 'ਚ ਇਕ ਹੋਰ ਖਾਸ ਗੱਲ ਇਹ ਵੀ ਹੈ ਕਿ ਨਾਸਾ ਦੀ ਵੈੱਬਸਾਈਟ 'ਤੇ ਭਾਰਤ-ਪਾਕਿ ਦੇ ਬਾਰਡਰ ਦੀਆਂ ਫਲੱਡ ਲਾਈਟਾਂ ਦਿਖਾਉਂਦੇ ਹੋਏ ਤਸਵੀਰ ਮੁਹੱਈਆ ਹੈ ਫਿਰ ਵੀ ਗ੍ਰਹਿ ਮੰਤਰਾਲੇ ਨੇ ਆਪਣੀ ਰਿਪੋਰਟ 'ਚ ਉਸ ਦੀ ਬਜਾਏ ਫਰਜ਼ੀ ਫੋਟੋ ਦੀ ਵਰਤੋਂ ਕੀਤੀ ਅਤੇ ਸਪੇਨ-ਮੋਰੱਕੋ ਬਾਰਡਰ ਨੂੰ ਭਾਰਤ-ਪਾਕਿ ਬਾਰਡਰ ਬਣਾ ਕੇ ਪੇਸ਼ ਕਰ ਦਿੱਤਾ।
