ਹਾਦਸੇ ਤੋਂ ਬਚੀ ਇੰਡੀਗੋ ਦੀ ਫਲਾਈਟ, DJ ਦੀ ਲੇਜ਼ਰ ਲਾਈਟ ਕਾਰਨ ਵਿਗੜ ਗਿਆ ਜਹਾਜ਼ ਦਾ ਸੰਤੁਲਨ
Saturday, Apr 19, 2025 - 11:26 PM (IST)

ਪਟਨਾ– ਪਟਨਾ ਏਅਰਪੋਰਟ ’ਤੇ ਇੰਡੀਗੋ ਦੀ ਫਲਾਈਟ ਇਕ ਵੱਡੇ ਹਾਦਸੇ ਤੋਂ ਬਚ ਗਈ। ਪੁਣੇ ਤੋਂ ਆ ਰਹੀ ਇੰਡੀਗੋ ਦੀ ਫਲਾਈਟ ਸ਼ਾਮ 6.30 ਵਜੇ ਲੈਂਡ ਕਰਨ ਵਾਲੀ ਸੀ। ਇਸੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਡੀ. ਜੇ. ਦੀ ਲੇਜ਼ਰ ਲਾਈਟ ਜਹਾਜ਼ ਵੱਲ ਮਾਰੀ, ਜੋ ਪਾਇਲਟ ਦੀ ਅੱਖ ’ਤੇ ਪਈ। ਇਸ ਨਾਲ ਜਹਾਜ਼ ਦਾ ਸੰਤੁਲਨ ਕੁਝ ਦੇਰ ਲਈ ਵਿਗੜ ਗਿਆ।
ਹਾਲਾਂਕਿ ਪਾਇਲਟ ਦੀ ਚੌਕਸੀ ਤੇ ਸਿਆਣਪ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅਤੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਏਅਰਪੋਰਟ ਥਾਣੇ ਦੇ ਮੁਖੀ ਅਨੁਸਾਰ ਲੇਜ਼ਰ ਲਾਈਟ ਦੀ ਸੂਚਨਾ ਮਿਲਦਿਆਂ ਹੀ ਏਅਰਪੋਰਟ ਪ੍ਰਸ਼ਾਸਨ ਚੌਕਸ ਹੋ ਗਿਆ। ਤੁਰੰਤ ਵਾਇਰਲੈੱਸ ਰਾਹੀਂ ਏਅਰਪੋਰਟ ਥਾਣੇ ਤੇ ਫੁਲਵਾਰੀ ਸ਼ਰੀਫ ਥਾਣੇ ਨੂੰ ਸੂਚਨਾ ਦਿੱਤੀ ਗਈ। ਲੇਜ਼ਰ ਲਾਈਟ ਜਹਾਜ਼ ਦੇ ਸੰਚਾਲਨ ਦੌਰਾਨ ਗੰਭੀਰ ਖਤਰਾ ਪੈਦਾ ਕਰ ਸਕਦੀ ਹੈ। ਇਹ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਦੇ ਮਾਪਦੰਡਾਂ ਦੀ ਉਲੰਘਣਾ ਵੀ ਹੈ।