ਇੰਡੀਗੋ ਦੀ ਉਡਾਣ ’ਚ 3 ਘੰਟੇ ਤੋਂ ਵੱਧ ਦੀ ਦੇਰੀ, ਮਚੀ ਹਫੜਾ-ਦਫੜੀ
Friday, Jan 16, 2026 - 11:16 PM (IST)
ਮੁੰਬਈ, (ਭਾਸ਼ਾ)- ਮੁੰਬਈ ਤੋਂ ਕਰਾਬੀ ਜਾਣ ਵਾਲੀ ਇੰਡੀਗੋ ਦੀ ਉਡਾਣ ’ਚ 3 ਘੰਟੇ ਤੋਂ ਵੱਧ ਦੀ ਦੇਰੀ ਹੋਈ, ਜਿਸ ਨਾਲ ਹਫੜਾ-ਦਫੜੀ ਮਚ ਗਈ। ਚਾਲਕ ਦਲ ਦੇ ਮੈਂਬਰਾਂ ਅਤੇ ਮੁਸਾਫਰਾਂ ਵਿਚਾਲੇ ਤਿੱਖੀ ਬਹਿਸ ਹੋਈ। ਏਅਰਲਾਈਨ ਨੇ ਉਡਾਣ ’ਚ ਦੇਰੀ ਪਿੱਛੇ ਕਈ ਕਾਰਨ ਦੱਸੇ ਅਤੇ ਕਿਹਾ ਕਿ 2 ਮੁਸਾਫਰਾਂ ਨੇ ‘ਗਲਤ’ ਵਿਵਹਾਰ ਕੀਤਾ, ਜਦਕਿ ਉਡਾਣ ’ਚ ਸਵਾਰ ਹੋ ਚੁੱਕੇ ਮੁਸਾਫਰਾਂ ਨੇ ਦੋਸ਼ ਲਾਇਆ ਕਿ ਏਅਰਲਾਈਨ ਵੱਲੋਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇੰਡੀਗੋ ਨੇ ਕਿਹਾ ਕਿ ਜਹਾਜ਼ ’ਚ ਸਵਾਰ ਦੋ ਮੁਸਾਫਰਾਂ ਨੇ ਉਡੀਕ ਸਮੇਂ ਦੌਰਾਨ ‘ਗਲਤ’ ਵਿਵਹਾਰ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ‘ਹੰਗਾਮਾਕਾਰੀ’ ਐਲਾਨ ਦਿੱਤਾ ਗਿਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਕਥਿਤ ਵੀਡੀਓ ’ਚ ਕੁਝ ਮੁਸਾਫਰਾਂ ਨੂੰ ਚਾਲਕ ਦਲ ’ਤੇ ਆਪਣੀ ਨਿਰਾਸ਼ਾ ਜ਼ਾਹਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਪਿਛਲੇ ਮਹੀਨੇ ਹੀ 2 ਦਸੰਬਰ ਤੋਂ 9 ਦਸੰਬਰ ਦੇ ਦਰਮਿਆਨ ਪੂਰੇ ਦੇਸ਼ ’ਚ ਰੋਜ਼ਾਨਾ ਸੈਂਕੜੇ ਇੰਡੀਗੋ ਉਡਾਣਾਂ ਰੱਦ ਹੋਈਆਂ ਸਨ, ਜਿਸ ਨਾਲ ਦੇਸ਼ ਦੇ ਹਵਾਈ ਅੱਡਿਆਂ ’ਤੇ ਲੱਖਾਂ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।
