ਕਾਬੁਲ ’ਚ ਫਸੇ ਭਾਰਤੀ ਅਧਿਆਪਕਾਂ ਨੇ ਕਿਹਾ- ਉਮੀਦ ਹੈ ਕਿ ਸਰਕਾਰ ਸਾਨੂੰ ਜਲਦ ਬਚਾਏਗੀ

Wednesday, Aug 18, 2021 - 06:00 PM (IST)

ਨਵੀਂ ਦਿੱਲੀ- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਗੋਲੀਆਂ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਹੈ ਪਰ ਬੀਤਦੇ ਸਮੇਂ ਨਾਲ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਹ ਕਹਿਣਾ ਹੈ ਯੁੱਧ ਪੀੜਤ ਅਫ਼ਗਾਨਿਸਤਾਨ ’ਚ ਫਸੇ 4 ਭਾਰਤੀ ਅਧਿਆਪਕਾਂ ਦਾ, ਜਿਨ੍ਹਾਂ ਨੇ ਤੁਰੰਤ ਉੱਥੋਂ ਕੱਢਣ ਦੀ ਅਪੀਲ ਕੀਤੀ ਹੈ ਤਾਂ ਕਿ ਉਹ ਆਪਣੇ ਪਰਿਵਾਰਾਂ ਕੋਲ ਪਰਤ ਸਕਣ। ਚਾਰੇ ਭਾਰਤੀ ਅਧਿਆਪਕ ਕਾਬੁਲ ਸਥਿਤ ਬਖ਼ਤਰ ਯੂਨੀਵਰਸਿਟੀ ’ਚ ਪੜ੍ਹਾਉਂਦੇ ਹਨ, ਜਿਸ ’ਤੇ ਤਿੰਨ ਦਿਨ ਪਹਿਲਾਂ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਮੁਹੰਮਦ ਆਸਿਫ਼ ਸ਼ਾਹ ਨੇ ਫੋਨ ’ਤੇ ਕਿਹਾ,‘‘ਅਸੀਂ ਭਾਰਤ ’ਚ ਹਰ ਸੰਭਵ ਮੰਚ ’ਤੇ ਸੰਪਰਕ ਕੀਤਾ। ਅਸੀਂ ਉਮੀਦ ਕਰ ਰਹੇ ਹਾਂ ਕਿ ਸਰਕਾਰ ਇੱਥੋਂ ਸਾਡੀ ਤੁਰੰਤ ਨਿਕਾਸੀ ਯਕੀਨੀ ਕਰਨ ਲਈ ਕੁਝ ਨਾ ਕੁਝ ਕਰੇਗੀ। ਅਸੀਂ ਪਿਛਲੇ 2 ਦਿਨਾਂ ਤੋਂ ਯੂਨੀਵਰਸਿਟੀ ਕੰਪਲੈਕਸ ਦੇ ਬਾਹਰ ਕਦਮ ਨਹੀਂ ਰੱਖਿਆ ਅਤੇ ਇਸ ਸਮੇਂ ਬਾਹਰ ਹੰਗਾ ਹੁੰਦਾ ਹੈ, ਮੇਰਾ ਦਿਲ ਘਬਰਾ ਰਿਹਾ ਹੈ।’’ 
ਸ਼ਾਹ ਕਸ਼ਮੀਰ ਦੇ ਰਹਿਣ ਵਾਲੇ ਹਨ ਅਤੇ ਕਾਬੁਲ ਸਥਿਤ ਯੂਨੀਵਰਸਿਟੀ ’ਚ 4 ਸਾਲਾਂ ਤੋਂ ਅਰਥਸ਼ਾਸਤਰ ਪੜ੍ਹਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਤੇ ਹੋਰ ਸਹਿਯੋਗੀਆਂ ਨੂੰ ਡਰ ਹੈ ਕਿ ਮੌਜੂਦਾ ਮਾਹੌਲ ’ਚ ਕੁਝ ਵੀ ਅਣਹੋਣੀ ਹੋ ਸਕਦੀ ਹੈ। ਸ਼ਾਹ ਨੇ ਕਿਹਾ,‘‘ਮੇਰੀ ਯੋਜਨਾ ਸੋਮਵਾਰ ਨੂੰ ਪਰਤਣ ਦੀ ਸੀ। ਇੱਥੇ ਤੱਕ ਮੈਂ ਟਿਕਟ ਵੀ ਬੁੱਕ ਕਰਵਾ ਲਿਆ ਸੀ ਪਰ ਸਥਿਤੀ ਤੇਜ਼ੀ ਨਾਲ ਬਦਲੀ। ਮੈਨੂੰ ਹਵਾਈ ਅੱਡੇ ’ਤੇ ਪਹੁੰਚਣ ’ਤੇ ਘੰਟੇ ਲੱਗ ਗਏ ਅਤੇ ਅਜਿਹਾ ਲੱਗਾ ਕਿ ਪੂਰਾ ਕਾਬੁਲ ਹਵਾਈ ਅੱਡੇ ’ਤੇ ਜਮ੍ਹਾ ਹੋ ਗਿਆ ਹੈ। ਉਡਾਣ ਰੱਦ ਕਰ ਦਿੱਤੀ ਗਈ ਅਤੇ ਮੇਰੇ ਕੋਲ ਯੂਨੀਵਰਸਿਟੀ ਹੋਸਟਲ ਪਰਤਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ।’’ ਉਹ 2 ਮਹੀਨੇ ਪਹਿਲਾਂ ਹੀ ਸਰਕਾਰ ਵਲੋਂ ਆਨਲਾਈਨ ਜਮਾਤਾਂ ਸ਼ੁਰੂ ਕਰਨ ਦੇ ਫ਼ੈਸਲੇ ਤੋਂ ਬਾਅਦ ਅਫ਼ਗਾਨਿਸਤਾਨ ਪਰਤੇ ਸਨ। 

ਇਹ ਵੀ ਪੜ੍ਹੋ : MBBS ਦੀ ਟਾਪਰ ਰਹੀ ਆਕ੍ਰਿਤੀ ਹੁਣ ਬਣੀ SP, ਪਿਤਾ ਦੇ ਨਕਸ਼ੇ ਕਦਮਾਂ ’ਤੇ ਚੱਲ ਹਾਸਲ ਕੀਤਾ ਮੁਕਾਮ

ਯੂਨੀਵਰਸਿਟੀ ’ਚ ਮਾਰਕੀਟਿੰਗ ਵਿਸ਼ਾ ਪੜ੍ਹਾਉਣ ਵਾਲੇ ਬਿਹਾਰ ਦੇ ਰਹਿਣ ਵਾਲੇ ਸਈਅਦ ਆਬਿਦ ਹੁਸੈਨ ਨੇ ਕਿਹਾ ਕਿ ਹਾਲਾਤ ਦੇਖਦੇ ਹੋਏ ਉਹ ਹੁਣ ਤੱਕ ਸੁਰੱਖਿਅਤ ਹਨ। ਉਨ੍ਹਾਂ ਕਿਹਾ,‘‘ਅਸੀਂ ਦੂਤਘਰ ਅਤੇ ਵਿਦੇਸ਼ ਮੰਤਰਾਲਾ ਨਾਲ ਸੰਪਰਕ ’ਚ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਹੁਣ ਤੱਕ ਸੁਣੀ ਨਹੀਂ ਗਈ ਹੈ ਪਰ ਮੈਨੂੰ ਭਰੋਸਾ ਹੈ ਕਿ ਸਰਕਾਰ ਸਾਨੂੰ ਕਾਬੁਲ ਤੋਂ ਸੁਰੱਖਿਅਤ ਕੱਢਣ ਲਈ ਕੋਸ਼ਿਸ਼ ਕਰ ਰਹੀ ਹੈ।’’ ਯੂਨੀਵਰਸਿਟੀ ’ਚ ਹੀ ਪਤਨੀ ਨਾਲ ਰਹਿ ਰਹੇ ਕਸ਼ਮੀਰ ਦੇ ਆਦਿਲ ਰਸੂਲ ਨੇ ਕਿਹਾ,‘‘ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਸਥਿਤੀ ਹੋਰ ਖ਼ਰਾਬ ਨਾ ਹੋਵੇ ਅਤੇ ਅਸੀਂ ਸੁਰੱਖਿਅਤ ਘਰ ਪਰਤ ਸਕੀਏ।’’ ਸਾਲ 2017 ਤੋਂ ਹੀ ਯੂਨੀਵਰਸਿਟੀ ’ਚ ਪ੍ਰਬੰਧਨ ਵਿਸ਼ਾ ਪੜ੍ਹਾ ਰਹੇ ਰਸੂਲ ਨੇ ਕਿਹਾ ਕਿ ਇਸ ਸਮੇਂ ਸਾਰੇ ਯੂਨੀਵਰਸਿਟੀ ਕੰਪਲੈਕਸ ’ਚ ਹਨ ਅਤੇ ਭਾਰਤੀ ਦੂਤਘਰ ਜਾਂ ਸਰਕਾਰ ਤੋਂ ਸਕਾਰਾਤਮਕ ਪਹਿਲ ਦਾ ਇੰਤਜ਼ਾਰ ਕਰ ਰਹੇ ਹਨ। ਯੂਨੀਵਰਸਿਟੀ ’ਚ ਕੰਪਿਊਟਰ ਵਿਗਿਆਨ ਪੜ੍ਹਾ ਰਹੇ ਝਾਰਖੰਡ ਦੇ ਅਫਰੋਜ਼ ਆਲਮ ਨੇ ਕਿਹਾ ਕਿ ਹੁਣ ਤੱਕ ਇੱਥੇ ਕੋਈ ਖੂਨ ਖਰਾਬਾ ਨਹੀਂ ਹੋਇਆ ਹੈ ਪਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ,‘‘ਹੁਣ ਤੱਕ ਸ਼ਹਿਰ ’ਚ ਗੋਲੀਆਂ ਦੀ ਵੀ ਆਵਾਜ਼ ਨਹੀਂ ਸੁਣੀ ਹੈ ਪਰ ਸਾਨੂੰ ਡਰ ਹੈ ਕਿ ਕਿਤੇ ਇਹ ਸ਼ਾਂਤੀ ਅਸਥਾਈ ਨਾ ਹੋਵੇ। ਕੰਪਲੈਕਸ ਵੱਡਾ ਹੈ, ਇਸ ਲਈ ਅਸੀਂ ਜ਼ਰੂਰਤਾਂ ਲਈ ਬਾਹਰ ਨਹੀਂ ਜਾਂਦੇ। ਮੈਂ ਬੱਸ ਇੱਥੋਂ ਸੁਰੱਖਿਅਤ ਨਿਕਲਣ ਦੀ ਉਮੀਦ ਕਰ ਰਿਹਾ ਹਾਂ।’’

ਇਹ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਹਿਮਾਚਲ ਦੇ ਦੋ ਨੌਜਵਾਨ ਫਸੇ, ਪਰਿਵਾਰਾਂ ਨੇ ਸੀ. ਐੱਮ. ਨੂੰ ਲਾਈ ਗੁਹਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News