ਆਇਰਲੈਂਡ ''ਚ ਕਰਾਰੀ ਹਾਰ ਤੋਂ ਬਾਅਦ ਭਾਰਤੀ ਮੂਲ ਦੇ PM ਵਰਾਡਕਰ ਨੇ ਦਿੱਤਾ ਅਸਤੀਫਾ
Friday, Feb 21, 2020 - 11:46 PM (IST)

ਲੰਡਨ - ਆਇਰਲੈਂਡ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਨੇ ਇਕ ਸੰਸਦੀ ਵੋਟਿੰਗ ਵਿਚ ਕਰਾਰੀ ਹਾਰ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਵਰਾਡਕਰ ਨੂੰ ਵੋਟਿੰਗ ਵਿਚ ਮੁਡ਼ ਚੁਣੇ ਜਾਣ ਲਈ ਲੋਡ਼ੀਂਦਾ ਸਮਰਥਨ ਨਹੀਂ ਮਿਲਿਆ। ਵਰਾਡਕਰ ਨੇ ਪਿਤਾ ਦਾ ਜਨਮ ਮੁੰਬਈ ਵਿਚ ਹੋਇਆ ਸੀ। ਉਨ੍ਹਾਂ ਨੇ ਆਇਰਲੈਂਡ ਦੇ ਰਾਸ਼ਟਰਪਤੀ ਮਾਇਕਲ ਡੀ ਹਿਗਿੰਸ ਨਾਲ ਡਬਲਿਨ ਵਿਚ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।
ਵਰਾਡਕਰ ਨਵੀਂ ਸਰਕਾਰ ਨੇ ਕਮਾਨ ਸੰਭਾਲਣ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ। ਇਸ ਮਹੀਨੇ ਦੀ ਸ਼ੁਰੂਆਤ ਵਿਚ ਹੋਈਆਂ ਆਮ ਚੋਣਾਂ ਵਿਚ ਕਿਸੇ ਵੀ ਦਲ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ। 8 ਫਰਵਰੀ ਨੂੰ ਹੋਏ ਬੇਨਤੀਜਾ ਚੋਣਾਂ ਤੋਂ ਬਾਅਦ ਵੀਰਵਾਰ ਨੂੰ ਡਬਲਿਨ ਵਿਚ ਸੰਸਦ ਦੇ ਹੇਠਲੇ ਸਦਨ ਦੀ ਫਿਰ ਬੈਠਕ ਹੋਈ ਅਤੇ ਉਸ ਨੂੰ 2 ਹਫਤੇ ਲਈ ਫਿਰ ਮੁਲਤਵੀ ਕਰ ਦਿੱਤਾ ਗਿਆ। ਸਿਆਸੀ ਦਲ ਨਵੀਂ ਸਰਕਾਰ ਦੇ ਗਠਨ ਦੇ ਯਤਨ ਕਰ ਰਹੇ ਹਨ। ਵਰਾਡਕਰ ਦੀ ਪਾਰਟੀ ਫਾਇਨ ਗਾਇਲ ਨੇ ਉਨ੍ਹਾਂ ਨੂੰ ਫਿਰ ਤੋਂ ਨਾਮਜ਼ਦ ਕੀਤਾ ਪਰ ਉਨ੍ਹਾਂ ਨੂੰ 160 ਮੈਂਬਰੀ ਸਦਨ ਵਿਚ ਸਿਰਫ 36 ਵੋਟਾਂ ਮਿਲੀਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦਿੱਤਾ। ਸਿਨ ਫੀਨ ਪਾਰਟੀ ਮੈਂਬਰ ਮੈਰੀ ਲੀਓ ਮੈਕਡੋਨਲਡ ਨੂੰ 45 ਵੋਟਾਂ ਮਿਲੀਆਂ ਅਤੇ ਫਿਯਾਨਾ ਫਾਇਲ ਦੇ ਨੇਤਾ ਮਾਇਕਲ ਮਾਰਟਿਨ ਨੂੰ 41 ਵੋਟਾਂ ਮਿਲੀਆਂ।