ਅੰਤਿਮ ਯਾਤਰਾ ''ਤੇ ਨਿਕਲਿਆ ''INS ਵਿਰਾਟ'', 30 ਸਾਲਾਂ ਤੱਕ ਬਣਿਆ ਰਿਹਾ ਭਾਰਤੀ ਜਲ ਸੈਨਾ ਦੀ ਸ਼ਾਨ

09/19/2020 5:34:51 PM

ਮੁੰਬਈ- ਭਾਰਤੀ ਜਲ ਸੈਨਾ ਦਾ ਸੇਵਾਮੁਕਤ ਜੰਗੀ ਜਹਾਜ਼ ਵਿਰਾਟ ਸ਼ਨੀਵਾਰ ਨੂੰ ਆਪਣੀ ਅੰਤਿਮ ਸਮੁੰਦਰੀ ਯਾਤਰਾ 'ਤੇ ਗੁਜਰਾਤ ਸਥਿਤ ਅਲੰਗ ਲਈ ਰਵਾਨਾ ਹੋਇਆ, ਜਿੱਥੋਂ ਉਸ ਨੂੰ ਵਿਦਾ ਕਰਨ ਤੋਂ ਬਾਅਦ ਕਬਾੜ ਦੇ ਰੂਪ 'ਚ ਵੇਚ ਦਿੱਤਾ ਜਾਵੇਗਾ। ਵਿਸ਼ਾਲ ਜੰਗੀ ਜਹਾਜ਼ ਵਿਰਾਟ ਨੂੰ ਸਾਬਕਾ ਜਲ ਸੈਨਿਕਾਂ ਨੇ ਗੇਟਵੇ ਆਫ਼ ਇੰਡੀਆ ਤੋਂ ਵਿਦਾਈ ਦਿੱਤੀ। ਮਾਰਚ 2017 'ਚ ਸੇਵਾਮੁਕਤ ਕੀਤੇ ਜਾਣ ਤੋਂ ਬਾਅਦ ਜਲ ਸੈਨਾ ਡਾਕਯਾਰਡ ਤੋਂ ਵਿਰਾਟ ਦੀ ਅੰਤਿਮ ਯਾਤਰਾ ਦੀ ਸ਼ੁਰੂਆਤ ਹੋ ਗਈ ਸੀ। ਰੱਖਿਆ ਬੁਲਾਰੇ ਨੇ ਦੱਸਿਆ ਕਿ ਵਿਰਾਟ ਨੇ ਸ਼ੁੱਕਰਵਾਰ ਨੂੰ ਹੀ ਜਾਣਾ ਸੀ ਪਰ ਕੁਝ ਕਾਰਨਾਂ ਕਰ ਕੇ ਇਕ ਦਿਨ ਦੀ ਦੇਰੀ ਹੋਈ। ਵਿਰਾਟ ਨੇ ਭਾਰਤੀ ਜਲ ਸੈਨਾ 'ਚ 30 ਸਾਲਾਂ ਤੱਕ ਸੇਵਾ ਦਿੱਤੀ ਸੀ। 

ਮੂਲ ਰੂਪ ਨਾਲ ਇਹ ਬ੍ਰਿਟੇਨ ਦੀ ਰਾਇਲ ਨੇਵੀ 'ਚ ਐੱਚ.ਐੱਮ.ਐੱਸ. ਹਰਮੇਸ ਨਾਮੀ ਜੰਗੀ ਜਹਾਜ਼ ਸੀ ਅਤੇ ਭਾਰਤੀ ਜਲ ਸੈਨਾ 'ਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਇਸ ਦਾ ਭਾਰਤੀ ਜਲ ਸੈਨਿਕ ਜਹਾਜ਼ (ਆਈ.ਐੱਨ.ਐੱਸ.) ਵਿਰਾਟ ਰੱਖਿਆ ਗਿਆ ਸੀ।
ਵਿਰਾਟ ਨੂੰ ਮਿਊਜ਼ੀਅਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹ ਸਫ਼ਲ ਨਹੀਂ ਹੋਇਆ। ਅਲੰਗ ਸਥਿਤ ਸ਼੍ਰੀ ਰਾਮ ਸਮੂਹ ਨੇ ਇਸ ਜੰਗੀ ਜਹਾਜ਼ ਦੇ ਵਿਘਟਨ (ਤੋੜਨ) ਦੀ ਜ਼ਿੰਮੇਵਾਰੀ ਲਈ ਹੈ। ਇਕ ਅਧਿਕਾਰੀ ਨੇ ਕਿਹਾ ਕਿ ਕੰਪਨੀ ਦੇ ਉੱਚ ਸਮਰੱਥਾ ਵਾਲੇ ਜਹਾਜ਼ ਵਿਰਾਟ ਨੂੰ ਸਮੁੰਦਰ 'ਚ ਖਿੱਚ ਕੇ ਅਲੰਗ ਲਿਜਾ ਰਹੇ ਹਨ ਅਤੇ ਇਸ ਮੰਜ਼ਲ ਤੱਕ ਪਹੁੰਚਣ 'ਚ 2 ਦਿਨ ਲੱਗਣਗੇ। ਅਲੰਗ 'ਚ ਜਹਾਜ਼ ਦਾ ਵਿਘਟਨ ਕਰਨ ਦਾ ਵਿਸ਼ਵ ਦਾ ਸਭ ਤੋਂ ਵੱਡਾ ਯਾਰਡ ਹੈ। 

ਰੱਖਿਆ ਮੰਤਰਾਲੇ ਦੇ ਮੁੰਬਈ ਸਥਿਤ ਜਨਸੰਪਰਕ ਦਫ਼ਤਰ ਨੇ ਟਵੀਟ ਕੀਤਾ,''ਇਕ ਯੁੱਗ ਦਾ ਅੰਤ। ਭਾਰਤੀ ਜਲ ਸੈਨਾ ਦੇ ਇਤਿਹਾਸ ਦਾ ਗੌਰਵਸ਼ਾਲੀ ਅਧਿਆਏ। ਜੰਗੀ ਜਹਾਜ਼ ਮੁੰਬਈ ਤੋਂ ਆਪਣੀ ਅੰਤਿਮ ਯਾਤਰਾ ਲਈ ਨਿਕਲ ਰਿਹਾ ਹੈ। ਪੁਣੇ ਜਹਾਜ਼ ਕਦੇ ਮਰਦੇ ਨਹੀਂ। ਉਹ ਅਮਰ ਹੁੰਦੇ ਹਨ।'' ਵਿਰਾਟ ਤੋਂ ਇਲਾਵਾ ਭਾਰਤੀ ਜਲ ਸੈਨਾ ਦੇ ਇਕ ਹੋਰ ਜੰਗੀ ਜਹਾਜ਼ ਵਿਕਰਾਂਤ ਨੂੰ ਵੀ ਮਿਊਜ਼ੀਅਮ ਬਣਾਉਣ ਦੀ ਕੋਸ਼ਿਸ਼ ਅਸਫ਼ਲ ਰਹੀ ਸੀ। ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਲੈ ਕੇ ਸਾਬਕਾ ਸਰਕਾਰਾਂ ਦੀ ਆਲੋਚਨਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੰਗੀ ਜਹਾਜ਼ ਨੂੰ ਕਬਾੜ ਦੇ ਰੂਪ 'ਚ ਵੇਚਣ ਨਾਲੋਂ ਚੰਗਾ ਸੀ ਕਿ ਉਨ੍ਹਾਂ ਨੂੰ ਮਿਊਜ਼ੀਅਮ ਬਣਾ ਕੇ ਦੇਸ਼ ਦੀ ਸਮੁੰਦਰੀ ਤਾਕਤ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਿਆ ਜਾਂਦਾ।


DIsha

Content Editor

Related News