ਵਿਦੇਸ਼ ਮੰਤਰੀ ਨੇ ਪਰਮਿਲਾ ਜੈਪਾਲ ਨਾਲ ਮੁਲਾਕਾਤ ਤੋਂ ਕੀਤਾ ਇਨਕਾਰ, ਹੈਰਿਸ ਨੇ ਚੁੱਕਿਆ ਮੁੱਦਾ

Saturday, Dec 21, 2019 - 11:43 AM (IST)

ਵਾਸ਼ਿੰਗਟਨ— ਉੱਚ ਡੈਮੋਕ੍ਰੇਟਿਕ ਸੈਨੇਟਰ ਕਮਲਾ ਹੈਰਿਸ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਅਮਰੀਕਾ ਦੀ ਯਾਤਰਾ 'ਤੇ ਆਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਭਾਰਤੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨਾਲ ਨਾ ਮਿਲਣ ਦੇ ਫੈਸਲੇ ਦੀ ਨਿੰਦਾ ਕੀਤੀ। ਹੈਰਿਸ ਨੇ ਟਵੀਟ ਕੀਤਾ,'ਕਿਸੇ ਹੋਰ ਦੇਸ਼ ਦੀ ਸਰਕਾਰ ਦਾ ਸੰਸਦ ਨੂੰ ਇਹ ਦੱਸਣਾ ਗਲਤ ਹੈ ਕਿ ਕੈਪੀਟੋਲ ਹਿਲ ਬੈਠਕਾਂ 'ਚ ਕਿਨ੍ਹਾਂ ਮੈਂਬਰਾਂ ਨੂੰ ਬੈਠਣ ਦੀ ਇਜਾਜ਼ਤ ਹੈ।'' ਭਾਰਤੀ ਮੂਲ ਦੀ ਪਹਿਲੀ ਅਮਰੀਕੀ ਸੈਨੇਟਰ ਹੈਰਿਸ ਨੇ ਕਿਹਾ ਕਿ ਉਹ ਜੈਪਾਲ ਦੇ ਸਮਰਥਨ 'ਚ ਖੜ੍ਹੀ ਹੈ।

ਜ਼ਿਕਰਯੋਗ ਹੈ ਕਿ 'ਵਾਸ਼ਿੰਗਟਨ ਪੋਸਟ' 'ਚ ਆਈ ਖਬਰ ਮੁਤਾਬਕ ਵਿਦੇਸ਼ ਮੰਤਰੀ ਜੈਸ਼ੰਕਰ ਨੇ ਪ੍ਰਤੀਨਿਧੀ ਸਭਾ ਦੇ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਇਸ ਬੈਠਕ 'ਚ ਹੋਰ ਸੰਸਦ ਮੈਂਬਰਾਂ ਨਾਲ ਜੈਪਾਲ ਵੀ ਸ਼ਾਮਲ ਹੋਣ ਵਾਲੀ ਸੀ। ਇਸ ਤੋਂ ਪਹਿਲਾਂ, ਅਮਰੀਕੀ ਸੈਨੇਟਰ ਅਤੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਡੈਮੋਕ੍ਰੇਟਿਕ ਉਮੀਦਵਾਰ ਬਣਨ ਦੀ ਦਾਅਵੇਦਾਰ ਐਲਿਜ਼ਾਬੈਥ ਵਾਰੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਸਾਂਝੀਦਾਰੀ ਸਿਰਫ ਤਦ ਹੀ ਸਫਲ ਹੋਵੇਗੀ ਜਦ ਸੱਚੀ ਗੱਲਬਾਤ ਅਤੇ ਧਾਰਮਿਕ ਬਹੁਲਤਾਵਾਦ, ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਪ੍ਰਤੀ ਸਾਂਝਾ ਸਨਮਾਨ ਉਸ ਦਾ ਆਧਾਰ ਹੋਵੇ। ਇਸ ਸਭ ਦਾ ਕਾਰਨ ਜੈਪਾਲ ਵਲੋਂ ਕਸ਼ਮੀਰ ਮੁੱਦੇ ਨੂੰ ਅਮਰੀਕੀ ਸੰਸਦ 'ਚ ਚੁੱਕਣਾ ਹੈ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੈਪਾਲ ਨੇ ਕਸ਼ਮੀਰ ਦੇ ਹਾਲਾਤ ਦਾ ਨਿਰਪੱਖ ਰੂਪ ਪੇਸ਼ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਜੈਪਾਲ ਨੇ ਕਮਲਾ ਹੈਰਿਸ ਤੇ ਵਾਰੇਨ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਉਸ ਦਾ ਸਾਥ ਦਿੱਤਾ।


Related News