ਭਾਰਤ ਦੀਆਂ ਬੇਟੀਆਂ ਹਰ ਖੇਤਰ ’ਚ ਕਾਇਮ ਕਰ ਰਹੀਆਂ ਹਨ ਨਵੇਂ ਰਿਕਾਰਡ : ਮੋਦੀ
Thursday, Jan 22, 2026 - 11:14 PM (IST)
ਨਵੀਂ ਦਿੱਲੀ, (ਅਨਸ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਭਾਰਤ ਦੀਆਂ ਬੇਟੀਆਂ ਹਰ ਖੇਤਰ ’ਚ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ ਤੇ ਦੇਸ਼ ਦੀ ਤਰੱਕੀ ’ਚ ਅਹਿਮ ਯੋਗਦਾਨ ਪਾ ਰਹੀਆਂ ਹਨ।
ਪ੍ਰਧਾਨ ਮੰਤਰੀ ਦਫ਼ਤਰ ਨੇ ਵੀਰਵਾਰ ਕਿਹਾ ਕਿ ਮੋਦੀ ਨੇ ਨੋਟ ਕੀਤਾ ਹੈ ਕਿ ਇਕ ਅਜਿਹਾ ਦੇਸ਼, ਜਿੱਥੇ ਬੇਟੀਆਂ ਨੂੰ ਦੇਵੀ ਲਕਸ਼ਮੀ ਵਾਂਗ ਪੂਜਿਆ ਜਾਂਦਾ ਹੈ, ’ਚ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ 11 ਸਾਲ ਪਹਿਲਾਂ ਅੱਜ ਦੇ ਦਿਨ ਸ਼ੁਰੂ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਭਾਰਤ ਦੀਆਂ ਬੇਟੀਆਂ ਹਰ ਖੇਤਰ ’ਚ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ। ਬੇਟੀਆਂ ਦੀ ਅਹਿਮੀਅਤ ’ਤੇ ਆਧਾਰਿਤ ਸਦੀਵੀ ਭਾਰਤੀ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਕ ਪੁੱਤਰੀ 10 ਪੁੱਤਰਾਂ ਦੇ ਬਰਾਬਰ ਹੈ। 10 ਪੁੱਤਰਾਂ ਤੋਂ ਮਿਲਣ ਵਾਲੇ ਗੁਣ ਇਕ ਪੁੱਤਰੀ ਤੋਂ ਵੀ ਲਏ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ 22 ਜਨਵਰੀ, 2015 ਨੂੰ ਸ਼ੁਰੂ ਕੀਤੀ ਗਈ ਸੀ। ਇਸ ਦਾ ਮੁੱਖ ਮੰਤਵ ਕੁੜੀਆਂ ਦੇ ਬਚਾਅ, ਸਿੱਖਿਆ ਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਤੇ ਲਿੰਗ ਬਰਾਬਰੀ ਨੂੰ ਉਤਸ਼ਾਹਿਤ ਕਰਨਾ ਹੈ।
