ਭਾਰਤੀ ਕੋਸਟ ਗਾਰਡ ਜਹਾਜ਼ ‘ਵਜਰ’ ਬੇੜੇ ’ਚ ਸ਼ਾਮਲ
Thursday, Mar 25, 2021 - 10:16 AM (IST)
ਚੇਨਈ- ਭਾਰਤੀ ਕੋਸਟ ਗਾਰਡ ਜਹਾਜ਼ ‘ਵਜਰ’ ਨੂੰ ਬੁੱਧਵਾਰ ਨੂੰ ਇੱਥੇ ਰਸਮੀ ਤੌਰ ’ਤੇ ਬੇੜੇ ’ਚ ਸ਼ਾਮਲ ਕਰ ਲਿਆ ਗਿਆ। 6ਵੇਂ ਆਫਸ਼ੋਰ ਗਸ਼ਤੀ ਬੇੜੇ ਨੂੰ ਤੱਟਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਬੇੜੇ ’ਚ ਸ਼ਾਮਲ ਕੀਤਾ ਗਿਆ ਹੈ। ਜਹਾਜ਼ ਦਾ ਨਿਰਮਾਣ ਦੇਸ਼ ’ਚ ਹੀ ਕੀਤਾ ਗਿਆ ਹੈ ਅਤੇ ਇਸ ਨੂੰ ਲਾਰਸਨ ਐਂਡ ਟੁਰਬੋ ਸ਼ਿਪ ਬਿਲਡਿੰਗ ਲਿਮਟਿਡ ਨੇ ਬਣਾਇਆ ਹੈ। ਜਹਾਜ਼ ’ਚ ਮੁੱਖ ਹਥਿਆਰ ਦੇ ਤੌਰ ’ਤੇ 30 ਮਿਲੀਮੀਟਰ ਦੀ ਤੋਪ ਹੈ ਅਤੇ ਉਸ ਦੀ ਲੜਾਕੂ ਸਮਰਥਾ ਵਧਾਉਣ ਲਈ ਉਸ ’ਚ 2 ਐੱਫ. ਸੀ. ਐੱਸ. ਕੰਟਰੋਲਡ 12.7 ਐੱਮ. ਐੱਮ. ਦੀ ਐੱਸ. ਆਰ. ਸੀ. ਜੀ. (ਸਥਿਰ ਰਿਮੋਟ ਕੰਟਰੋਲ ਤੋਪ) ਲੱਗੀ ਹੈ।
ਇਸ ਜਹਾਜ਼ ਨੂੰ ਇਸ ਤਰ੍ਹਾਂ ਨਾਲ ਬਣਾਇਆ ਗਿਆ ਹੈ ਕਿ ਇਸ ’ਚ 2 ਇੰਜਣ ਵਾਲਾ ਰਾਤ ਨੂੰ ਉਡਾਣ ਭਰਨ ’ਚ ਸਮਰਥ ਇਕ ਹੈਲੀਕਾਪਟਰ ਖੜ੍ਹਾ ਹੋ ਸਕਦਾ ਹੈ। ਨਾਲ ਹੀ 4 ਹਾਈ ਸਪੀਡ ਕਿਸ਼ਤੀਆਂ ਹਨ, ਜੋ ਖੋਜ ਅਤੇ ਬਚਾਅ ਕਾਰਜਾਂ, ਲਾਅ ਇਨਫੋਰਸਮੈਂਟ ਅਤੇ ਸਮੁੰਦਰੀ ਗਸ਼ਤ ’ਚ ਮਦਦ ਕਰ ਸਕਣਗੀਆਂ। ਡਿਪਟੀ ਇੰਸਪੈਕਟਰ ਜਨਰਲ ਐਲੇਕਸ ਥਾਮਸ ਜਹਾਜ਼ ਦੇ ਕਮਾਂਡਿੰਗ ਅਧਿਕਾਰੀ ਹਨ। ਇਸ ਜਹਾਜ਼ 'ਚ 14 ਅਧਿਕਾਰੀ ਅਤੇ 88 ਕਰਮੀ ਹੋਣਗੇ। ਜਹਾਜ਼ ਤੱਟ ਰੱਖਿਅਕ ਪੂਰਬੀ ਖੇਤਰ ਦੇ ਕਾਰਜਸ਼ੀਲ ਕੰਟਰੋਲ ਦੇ ਅਧੀਨ ਤੂਤੀਕੋਰਿਨ 'ਚ ਤਾਇਨਾਤ ਕੀਤਾ ਰਹੇਗਾ। ਕੋਵਿਡ-19 ਲਾਗ਼ ਦੇ ਮੱਦੇਨਜ਼ਰ ਇਹ ਸਮਾਗਮ ਸਰਕਾਰ ਵਲੋਂ ਤੈਅ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਆਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਡਿਫੈਂਸ ਚੀਫ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਕੋਸਟ ਗਾਰਡ ਫੋਰਸ ਦਾ ਧਿਆਨ ਮੁੱਖ ਤੌਰ ’ਤੇ ਤੱਟਾਂ ਦੀ ਨਿਗਰਾਣੀ ’ਤੇ ਬਣਿਆ ਰਹਿਣਾ ਚਾਹੀਦਾ ਹੈ।