ਫੌਜ ਨੂੰ ਮਿਲਿਆ ਪਹਿਲਾ ਆਤਮਘਾਤੀ ਡਰੋਨ, 30 ਕਿਲੋਮੀਟਰ ਤੱਕ ਹੈ ਰੇਂਜ
Friday, Jun 14, 2024 - 10:17 PM (IST)
ਨਵੀਂ ਦਿੱਲੀ, (ਇੰਟ.)- ਫੌਜ ਨੂੰ ਭਾਰਤ ਵਿਚ ਬਣੇ ਆਤਮਘਾਤੀ ਡਰੋਨ ਨਾਗਸਤਰਾ-1 ਦੀ ਪਹਿਲੀ ਖੇਪ ਮਿਲ ਗਈ ਹੈ। ਇਨ੍ਹਾਂ ਡਰੋਨਾਂ ਨੂੰ ਨਾਗਪੁਰ ਦੀ ਕੰਪਨੀ ਸੋਲਰ ਇੰਡਸਟਰੀਜ਼ ਦੀ ਇਕਨਾਮਿਕਸ ਐਕਸਪਲੋਸਿਵਜ਼ ਲਿਮਟਿਡ ਯੂਨਿਟ ਨੇ ਬਣਾਇਆ ਹੈ। ਫੌਜ ਨੇ 480 ਲਾਇਟਰਿੰਗ ਮਿਊਨਿਸ਼ਨ (ਆਤਮਘਾਤੀ ਡਰੋਨ) ਦਾ ਆਰਡਰ ਦਿੱਤਾ ਸੀ। ਇਨ੍ਹਾਂ ਵਿਚੋਂ 120 ਦੀ ਡਲਿਵਰੀ ਹੋ ਚੁੱਕੀ ਹੈ।
ਡਰੋਨ ਦਾ ਨਾਗਸਤਰਾ-1 ਨਾਂ ਦਿੱਤਾ ਗਿਆ ਹੈ, ਜਿਸ ਦੀ ਰੇਂਜ 30 ਕਿਲੋਮੀਟਰ ਤੱਕ ਹੈ। ਇਸ ਦਾ ਉੱਨਤ ਵਰਜਨ 2 ਕਿਲੋ ਤੋਂ ਵੱਧ ਗੋਲਾ-ਬਾਰੂਦ ਲਿਜਾਣ ਦੇ ਸਮਰੱਥ ਹੈ। ਇਸ ਦੀ ਵਰਤੋਂ ਦੁਸ਼ਮਣ ਦੇ ਸਿਖਲਾਈ ਕੈਂਪਾਂ, ਠਿਕਾਣਿਆਂ ਅਤੇ ਲਾਂਚ ਪੈਡਾਂ ’ਤੇ ਹਮਲਾ ਕਰਨ ਲਈ ਕੀਤੀ ਜਾਵੇਗੀ, ਤਾਂ ਜੋ ਫੌਜੀਆਂ ਨੂੰ ਹੋਣ ਵਾਲੇ ਖਤਰੇ ਨੂੰ ਘੱਟ ਕੀਤਾ ਜਾ ਸਕੇ।
ਲਾਇਟਰਿੰਗ ਮਿਊਨਿਸ਼ਨ (ਜਿਸ ਨੂੰ ਆਤਮਘਾਤੀ ਡਰੋਨ ਜਾਂ ਕਾਮੀਕੇਜ਼ ਡਰੋਨ ਵੀ ਕਿਹਾ ਜਾਂਦਾ ਹੈ) ਇਕ ਐਰੀਅਲ ਵੈਪਨ ਸਿਸਟਮ ਹੈ। ਇਹ ਡਰੋਨ ਹਵਾ ’ਚ ਟੀਚੇ ਦੇ ਦੁਆਲੇ ਘੁੰਮਦੇ ਹਨ ਅਤੇ ਆਤਮਘਾਤੀ ਹਮਲਾ ਕਰਦੇ ਹਨ। ਸਹੀ ਹਮਲਾ ਇਸ ਦੇ ਸੈਂਸਰਾਂ ’ਤੇ ਨਿਰਭਰ ਕਰਦਾ ਹੈ। ਆਤਮਘਾਤੀ ਡਰੋਨ ਨੂੰ ਸਾਈਲੈਂਟ ਮੋਡ ’ਚ ਅਤੇ 1200 ਮੀਟਰ ਦੀ ਉਚਾਈ ’ਤੇ ਚਲਾਇਆ ਜਾਂਦਾ ਹੈ, ਜਿਸ ਨਾਲ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ।