ਆਪ੍ਰੇਸ਼ਨ ਸਿੰਧੂਰ ਭਾਰਤ ਦੇ ਸੰਕਲਪ ਅਤੇ ਸੰਜਮ ਦਾ ਫੈਸਲਾਕੁੰਨ ਪ੍ਰਦਰਸ਼ਨ : ਜਨਰਲ ਦਿਵੇਦੀ
Wednesday, Jan 14, 2026 - 11:57 PM (IST)
ਨਵੀਂ ਦਿੱਲੀ, (ਭਾਸ਼ਾ)– ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਬੁੱਧਵਾਰ ਨੂੰ ਕਿਹਾ ਕਿ ‘ਆਪ੍ਰੇਸ਼ਨ ਸਿੰਧੂਰ’ ਭਾਰਤ ਦੇ ਸੰਕਲਪ ਅਤੇ ਸੰਜਮ ਦਾ ‘ਫੈਸਲਾਕੁੰਨ ਪ੍ਰਦਰਸ਼ਨ’ ਸੀ ਅਤੇ ਇਸ ਨੇ ਦੇਸ਼ ਦੀ ਫੌਜ ਅਤੇ ਨੌਜਵਾਨਾਂ ਦੀ ਨੈਤਿਕ ਤਾਕਤ ਤੇ ਪੇਸ਼ੇਵਰ ਯੋਗਤਾ ਨੂੰ ਦਰਸਾਇਆ ਹੈ। ਭਾਰਤੀ ਹਥਿਆਰਬੰਦ ਬਲਾਂ ਨੇ ਪਿਛਲੇ ਸਾਲ ਅਪ੍ਰੈਲ ਵਿਚ ਹੋਏ ਭਿਆਨਕ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿਚ ਛੇ-ਸੱਤ ਮਈ ਦੀ ਰਾਤ ਨੂੰ ਆਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ, ਜਿਸ ਵਿਚ ਘੱਟੋ-ਘੱਟ 100 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਸੀ।
ਪਹਿਲਗਾਮ ਹਮਲੇ ’ਚ 26 ਬੇਗੁਨਾਹ ਨਾਗਰਿਕ ਮਾਰੇ ਗਏ ਸਨ। ਫੌਜ ਮੁਖੀ ਨੇ ਇੱਥੇ ਨੈਸ਼ਨਲ ਕੈਡੇਟ ਕੋਰ (ਐੱਨ. ਸੀ. ਸੀ.) ਦੇ ਗਣਤੰਤਰ ਦਿਵਸ ਕੈਂਪ ਵਿਚ ਕੈਡੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਆਪ੍ਰੇਸ਼ਨ ਸਿੰਧੂਰ ਭਾਰਤ ਦੇ ਸੰਕਲਪ ਅਤੇ ਸੰਜਮ ਦਾ ਫੈਸਲਾਕੁੰਨ ਪ੍ਰਦਰਸ਼ਨ ਸੀ। ਇਸ ਨੇ ਸਾਡੇ ਹਥਿਆਰਬੰਦ ਬਲਾਂ ਅਤੇ ਸਾਡੇ ਨੌਜਵਾਨਾਂ ਦੀ ਨੈਤਿਕ ਤਾਕਤ ਅਤੇ ਪੇਸ਼ੇਵਰ ਯੋਗਤਾ ਨੂੰ ਦਰਸਾਇਆ।”
ਫੌਜ ਮੁਖੀ ਨੇ ਬੁੱਧਵਾਰ ਦੇ ਸਮਾਗਮ ਵਿਚ ਪਿਛਲੇ ਸਾਲ ਮਈ ਵਿਚ ਹੋਈ ਫੈਸਲਾਕੁੰਨ ਫੌਜੀ ਕਾਰਵਾਈ ਵਿਚ ਐੱਨ. ਸੀ. ਸੀ. ਦੇ ਯੋਗਦਾਨ ਨੂੰ ਯਾਦ ਕੀਤਾ। ਫੌਜ ਮੁਖੀ ਨੇ ਕਿਹਾ ਕਿ ਮੁਹਿੰਮ ਦੌਰਾਨ, ਦੇਸ਼ ਭਰ ਵਿਚ 75,000 ਤੋਂ ਵੱਧ ਐੱਨ. ਸੀ. ਸੀ. ਕੈਡੇਟਾਂ ਨੇ ਨਾਗਰਿਕ ਰੱਖਿਆ, ਹਸਪਤਾਲ ਪ੍ਰਬੰਧਨ, ਆਫ਼ਤ ਰਾਹਤ ਅਤੇ ਭਾਈਚਾਰਕ ਸੇਵਾ ਦੇ ਕੰਮਾਂ ’ਚ ਅਣਥੱਕ ਸਵੈ-ਸੇਵਾ ਕੀਤੀ। ਉਨ੍ਹਾਂ ਕਿਹਾ, “ਹਾਲੀਆ ਘਟਨਾਵਾਂ ਨੇ ਦਿਖਾਇਆ ਹੈ ਕਿ ਭਾਰਤੀ ਨੌਜਵਾਨ ਕਿੰਨੇ ਸਮਰੱਥ ਹਨ।”
