ਹਿੰਦੁਸਤਾਨ ਭਾਜਪਾ ਦੀ ਸੱਚਾਈ ਸਮਝੇਗਾ ਤੇ ਮੋਦੀ ਨੂੰ ਆਪਣੇ ‘ਮਨ ਕੀ ਬਾਤ’ ਦੱਸੇਗਾ : ਰਾਹੁਲ
Saturday, Aug 30, 2025 - 12:13 AM (IST)

ਗੋਪਾਲਗੰਜ/ਸੀਵਾਨ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਥਿਤ ‘ਵੋਟ ਚੋਰੀ’ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਤਿੱਖਾ ਹਮਲਾ ਬੋਲਿਆ ਅਤੇ ਕਿਹਾ ਕਿ ਦੇਸ਼ ਹੁਣ ਸੱਚਾਈ ਸਮਝੇਗਾ ਅਤੇ ਪ੍ਰਧਾਨ ਮੰਤਰੀ ਨੂੰ ਆਪਣੇ ‘ਮਨ ਕੀ ਬਾਤ’ ਦੱਸੇਗਾ।
ਉਨ੍ਹਾਂ ਨੇ ‘ਵੋਟਰ ਅਧਿਕਾਰ ਯਾਤਰਾ’ ਦੇ ਦੌਰਾਨ ਸੀਵਾਨ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਦਾਅਵਾ ਵੀ ਕੀਤਾ ਕਿ ‘ਵੋਟ ਚੋਰੀ’ ਫੜੇ ਜਾਣ ਕਾਰਨ ਭਾਜਪਾ ਦੇ ਨੇਤਾ ‘ਉਛਲ’ ਰਹੇ ਹਨ।
ਉਨ੍ਹਾਂ ਦਾ ਇਸ਼ਾਰਾ ਬਿਹਾਰ ਪ੍ਰਦੇਸ਼ ਕਮੇਟੀ ਦੇ ਹੈੱਡਕੁਆਰਟਰ ‘ਸਦਾਕਤ ਆਸ਼ਰਮ’ ਦੇ ਬਾਹਰ ਭਾਜਪਾ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਅਤੇ ਕੁਝ ਸੀਨੀਅਰ ਭਾਜਪਾ ਨੇਤਾਵਾਂ ਦੇ ਬਿਆਨਾਂ ਵੱਲ ਸੀ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ‘ਵੋਟ ਚੋਰੀ’ ਕਰ ਕੇ ਚੋਣਾਂ ਜਿੱਤਦੇ ਹਨ ਪਰ ਇਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਬਿਹਾਰ ’ਚ ਇਕ ਵੀ ਵੋਟ ਚੋਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੋਟ ਗਰੀਬਾਂ, ਦਲਿਤਾਂ, ਪੱਛੜੇ, ਅਤਿ ਪੱਛੜੇ ਵਰਗਾਂ, ਘੱਟ ਗਿਣਤੀ ਅਤੇ ਔਰਤਾਂ ਨੂੰ ਅਧਿਕਾਰ ਦਿੰਦੀ ਹੈ, ਜਿਸ ਨੂੰ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਵੋਟ ਚੋਰੀ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ’ਤੇ ਹਮਲਾ ਹੈ।
ਉਨ੍ਹਾਂ ਕਿਹਾ, “ਨਰਿੰਦਰ ਮੋਦੀ ਜੀ ਸੁਣ ਲਓ, ਅਸੀਂ ਸੰਵਿਧਾਨ ’ਤੇ ਹਮਲਾ ਨਹੀਂ ਹੋਣ ਦੇਵਾਂਗੇ।” ਰਾਹੁਲ ਗਾਂਧੀ ਨੇ ਦਾਅਵਾ ਕੀਤਾ, “ਆਉਣ ਵਾਲੇ ਸਮੇਂ ’ਚ ਮਹਾਰਾਸ਼ਟਰ, ਹਰਿਆਣਾ ਅਤੇ ਦੂਜੇ ਸੂਬਿਆਂ ’ਚ ਭਾਜਪਾ ਅਤੇ ਨਰਿੰਦਰ ਮੋਦੀ ਦੀ ‘ਵੋਟ ਚੋਰੀ’ ਵਿਖਾਉਣ ਜਾ ਰਹੇ ਹਨ, ਇਸ ਲਈ ਭਾਜਪਾ ਦੇ ਨੇਤਾ ਉਛਲ ਰਹੇ ਹਨ। ਉਨ੍ਹਾਂ ਕਿਹਾ, “ਹੁਣ ਹਿੰਦੁਸਤਾਨ ਇਨ੍ਹਾਂ ਦੀ ਸੱਚਾਈ ਨੂੰ ਸਮਝੇਗਾ, ਸੁਣੇਗਾ ਅਤੇ ਫਿਰ ਆਪਣੇ ‘ਮਨ ਕੀ ਬਾਤ’ ਨਰਿੰਦਰ ਮੋਦੀ ਨੂੰ ਦੱਸੇਗਾ।”
ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਦੋਸ਼ ਲਾਇਆ ਕਿ ਭਾਜਪਾ ਦੇ ਲੋਕ ਸੰਵਿਧਾਨ ਨੂੰ ਖਤਮ ਕਰਨਾ ਅਤੇ ਲੋਕਤੰਤਰ ਦੀ ਜਗ੍ਹਾ ‘ਰਾਜਤੰਤਰ’ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ‘ਬੜਕਾ ਡਰਪੋਕ’ ਲੋਕਾਂ ਦੀ ਪਾਰਟੀ ਹੈ ਅਤੇ ਇਹ ਲੋਕ ਕੂੜਪ੍ਰਚਾਰ ਫੈਲਾਅ ਰਹੇ ਹਨ ਪਰ ਕੋਈ ਬਿਹਾਰੀ ਇਨ੍ਹਾਂ ਦੇ ਕੂੜਪ੍ਰਚਾਰ ’ਚ ਫਸਣ ਵਾਲਾ ਨਹੀਂ ਹੈ।