ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ : ਮੋਦੀ
Sunday, Jul 14, 2024 - 12:20 AM (IST)
ਮੁੰਬਈ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਜਲਦੀ ਹੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਜਾਏਗਾ। ਉਹ ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ਵਿਖੇ ਇੰਡੀਅਨ ਨਿਊਜ਼ਪੇਪਰ ਸੁਸਾਇਟੀ (ਆਈ. ਐੱਨ. ਐੱਸ.) ਦੇ ਸਕੱਤਰੇਤ ‘ਆਈ. ਐੱਨ. ਐੱਸ. ਟਾਵਰ’ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰ ਰਹੇ ਸਨ।
ਮੋਦੀ ਨੇ ਦੱਸਿਆ ਕਿ ਕਿਵੇਂ ਭਾਰਤ ਡਿਜੀਟਲ ਪੇਮੈਂਟ ’ਚ ਮੋਹਰੀ ਬਣ ਗਿਆ ਹੈ। ਇਕ ਸਮਾਂ ਸੀ ਜਦੋਂ ਕੁਝ ਨੇਤਾ ਕਹਿੰਦੇ ਸਨ ਕਿ ਡਿਜੀਟਲ ਲੈਣ-ਦੇਣ ਭਾਰਤ ਲਈ ਨਹੀਂ ਹੈ। ਉਨ੍ਹਾਂ ਦੀ ਇਹ ਧਾਰਨਾ ਸੀ ਕਿ ਆਧੁਨਿਕ ਤਕਨਾਲੋਜੀ ਇਸ ਦੇਸ਼ ’ਚ ਕੰਮ ਨਹੀਂ ਕਰ ਸਕਦੀ। ਹਾਲਾਂਕਿ, ਦੁਨੀਆ ਹੁਣ ਭਾਰਤ ਦੇ ਲੋਕਾਂ ਦੀ ਸਮਰੱਥਾ ਨੂੰ ਵੇਖ ਰਹੀ ਹੈ। ਅੱਜ ਭਾਰਤ ਡਿਜੀਟਲ ਲੈਣ-ਦੇਣ ’ਚ ਨਵੇਂ ਰਿਕਾਰਡ ਬਣਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਯੂ. ਪੀ. ਆਈ. ਤੇ ਆਧੁਨਿਕ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੇ ਲੋਕਾਂ ਦੇ ਜੀਵਨ ਨੂੰ ਆਸਾਨ ਬਣਾ ਦਿੱਤਾ ਹੈ । ਉਨ੍ਹਾਂ ਲਈ ਇਕ ਦੇਸ਼ ਤੋਂ ਦੂਜੇ ਦੇਸ਼ ’ਚ ਪੈਸਾ ਭੇਜਣਾ ਸੌਖਾ ਹੋ ਗਿਅਾ ਹੈ।
ਮੋਦੀ ਨੇ ਕਿਹਾ ਕਿ ਇੰਡੀਅਨ ਨਿਊਜ਼ਪੇਪਰ ਸੋਸਾਇਟੀ ਵਲੋਂ ਕੀਤੇ ਗਏ ਪ੍ਰਭਾਵਸ਼ਾਲੀ ਕੰਮਾਂ ਦਾ ਦੇਸ਼ ਨੂੰ ਫਾਇਦਾ ਹੋਵੇਗਾ। ਮੀਡੀਆ ਲੋਕਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਂਦਾ ਹੈ। ਮੀਡੀਆ ਦੀ ਕੁਦਰਤੀ ਭੂਮਿਕਾ ਚਰਚਾ ਸ਼ੁਰੂ ਕਰਨਾ ਹੈ। 2014 ਤੋਂ ਪਹਿਲਾਂ ਵਧੇਰੇ ਲੋਕ ਸਟਾਰਟਅੱਪ ਸ਼ਬਦ ਤੋਂ ਅਣਜਾਣ ਸਨ ਪਰ ਮੀਡੀਆ ਨੇ ਇਸ ਨੂੰ ਹਰ ਘਰ ਤੱਕ ਪਹੁੰਚਾ ਦਿੱਤਾ ਹੈ।