ਭਾਰਤ ਅੱਗੇ ਭਵਿੱਖ ’ਚ ਵੀ ਅੱਤਵਾਦ, ਅੰਦਰੂਨੀ ਸੁਰੱਖਿਆ ਚੁਣੌਤੀਆਂ ਹੋਣਗੀਆਂ, ਸੁਰੱਖਿਆ ਬਲ ਤਿਆਰ : ਫੌਜ ਮੁਖੀ
Wednesday, Mar 22, 2023 - 10:14 AM (IST)
ਗੁਰੂਗ੍ਰਾਮ (ਭਾਸ਼ਾ)- ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸਾਹਮਣੇ ਭਵਿੱਖ ’ਚ ਵੀ ਅੱਤਵਾਦ ਅਤੇ ਅੰਦਰੂਨੀ ਸੁਰੱਖਿਆ ਸਬੰਧੀ ਚੁਣੌਤੀਆਂ ਪੈਦਾ ਹੋਣਗੀਆਂ ਅਤੇ ਦੇਸ਼ ਦੇ ਸੁਰੱਖਿਆ ਬਲ ਇਕਜੁੱਟ ਹੋ ਕੇ ਉਨ੍ਹਾਂ ਨਾਲ ਨਜਿੱਠਣਗੇ। ਜਨਰਲ ਪਾਂਡੇ ਇੱਥੇ ਮਾਨੇਸਰ ’ਚ ਰਾਸ਼ਟਰੀ ਸੁਰੱਖਿਆ ਗਾਰਡ (ਐੱਨ.ਐੱਸ.ਜੀ.) ਵਲੋਂ ਅਖਿਲ ਭਾਰਤੀ ਪੁਲਸ ਕਮਾਂਡੋ ਮੁਕਾਬਲੇ ਦਾ ਉਦਘਾਟਨ ਕਰਨ ਤੋਂ ਬਾਅਦ ਬੋਲ ਰਹੇ ਸਨ। ਜਨਰਲ ਪਾਂਡੇ ਨੇ ਕਿਹਾ ਕਿ ਨਵੇਂ ਜ਼ਮਾਨੇ ਦੀ ਤਕਨੀਕ ਨੇ ਦੁਸ਼ਮਣ ਨੂੰ ਡਰੋਨ, ਇੰਟਰਨੈੱਟ, ਸਾਈਬਰ ਸਪੇਸ ਅਤੇ ਸੋਸ਼ਲ ਮੀਡੀਆ ਜ਼ਰੀਏ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ’ਚ ਸਮਰੱਥ ਬਣਾਇਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਤਵਾਦ ਅਤੇ ਅੰਦਰੂਨੀ ਸੁਰੱਖਿਆ ਦੀ ਸਥਿਤੀ ਸਾਡੇ ਦੇਸ਼ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰ ਰਹੀ ਹੈ। ਅਸੀਂ ਇਕਜੁੱਟ ਹੋ ਕੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਇਸ ਨਾਲ ਵੱਖ-ਵੱਖ ਸੂਬਿਆਂ ਦੇ ਸੁਰੱਖਿਆ ਹਾਲਾਤ ’ਚ ਸੁਧਾਰ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਚੁਣੌਤੀਆਂ ਭਵਿੱਖ ’ਚ ਵੀ ਜਾਰੀ ਰਹਿਣਗੀਆਂ। ਇਨ੍ਹਾਂ ’ਚੋਂ ਕੁੱਝ ਚੁਣੌਤੀਆਂ ਲੰਬੇ ਸਮੇਂ ਤੱਕ ਰਹਿਣਗੀਆਂ, ਕੁਝ ਅਸਿੱਧੇ ਤੌਰ ’ਤੇ ਮੌਜੂਦ ਰਹਿਣਗੀਆਂ, ਜਦੋਂਕਿ ਕੁੱਝ ਗੁਪਤ ਰੂਪ ’ਚ ਰਹਿਣਗੀਆਂ। ਜਨਰਲ ਪਾਂਡੇ ਨੇ ਕਿਹਾ ਕਿ ਦੇਸ਼ ’ਚ ਅੱਤਵਾਦੀ ਹਮਲਿਆਂ ਦੇ ਖਦਸ਼ੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਨਾਲ ਹੀ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਅਤੇ ਨੈੱਟਵਰਕ ਨੂੰ ਅਸਫ਼ਲ ਕਰਨ ਲਈ ਖੁਫੀਆ ਅਤੇ ਸੁਰੱਖਿਆ ਬਲਾਂ ਦੀ ਪ੍ਰਸ਼ੰਸਾ ਵੀ ਕੀਤੀ।