ਫਰਾਂਸ ਨਾਲ ਰਾਫੇਲ-ਐੱਮ, ਸਕੋਰਪੀਅਨ ਸਮਝੌਤੇ ’ਤੇ ਜਲਦ ਮੋਹਰ ਲਾਏਗਾ ਭਾਰਤ
Thursday, Jan 30, 2025 - 10:55 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤ ਆਪਣੀ ਸਮੁੰਦਰੀ ਫੌਜ ਦੀ ਸ਼ਕਤੀ ਵਧਾਉਣ ਲਈ ਫਰਾਂਸ ਨਾਲ ਰਾਫੇਲ ਲੜਾਕੂ ਜੈੱਟ ਦੇ 26 ਨੇਵਲ ਵਰਸ਼ਨ ਤੇ 3 ਸਕੋਰਪੀਅਨ ਪਨਡੁੱਬੀਆਂ ਦੀ ਖਰੀਦ ’ਤੇ ਜਲਦ ਮੋਹਰ ਲਾ ਸਕਦਾ ਹੈ। ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਕਿ ਰਾਫੇਲ-ਐੱਮ. ਤੇ ਸਕੋਰਪੀਅਨ ਦੀ ਖਰੀਦ ਸਬੰਧੀ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਗਾਮੀ ਪੈਰਿਸ ਯਾਤਰਾ ਦੌਰਾਨ ਕੀਤਾ ਜਾਵੇਗਾ ਜਾਂ ਨਹੀਂ।
ਮੋਦੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ’ਤੇ ਆਧਾਰਤ 2 ਦਿਨਾ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ 10-11 ਫਰਵਰੀ ਨੂੰ ਪੈਰਿਸ ਦੀ ਯਾਤਰਾ ਕਰਨਗੇ। ਸਿਖਰ ਸੰਮੇਲਨ ਤੋਂ ਇਲਾਵਾ ਉਨ੍ਹਾਂ ਦੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨਾਲ ਦੁਵੱਲੀ ਵਾਰਤਾ ਕਰਨ ਦੀ ਸੰਭਾਵਨਾ ਹੈ। ਜੁਲਾਈ 2023 ’ਚ ਰੱਖਿਆ ਮੰਤਰਾਲੇ ਨੇ ਫਰਾਂਸ ਤੋਂ 22 ਰਾਫੇਲ (ਐੱਮ.) ਜੈੱਟ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਸੀ। ਮੰਤਰਾਲੇ ਨੇ ਫਰਾਂਸ ਤੋਂ 3 ਸਕੋਰਪੀਅਨ ਪਨਡੁੱਬੀਆਂ ਦੀ ਖਰੀਦ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਸੀ।