ਉੱਤਰ-ਪੱਛਮੀ, ਮੱਧ ਤੇ ਪੂਰਬੀ ਭਾਰਤ ਦੇ ਬਹੁਤੇ ਹਿੱਸਿਆਂ ’ਚ 5 ਦਿਨ ਲੂ ਚੱਲਣ ਦੀ ਸੰਭਾਵਨਾ
Thursday, Apr 23, 2026 - 12:21 AM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤ ਦੇ ਇਕ ਵੱਡੇ ਹਿੱਸੇ ’ਚ ਭਿਆਨਕ ਗਰਮੀ ਅਤੇ ਲੂ ਨੇ ਦਸਤਕ ਦੇ ਦਿੱਤੀ ਹੈ। ਇਸ ਨਾਲ ਜਨ-ਜੀਵਨ ਪ੍ਰਭਾਵਿਤ ਹੋਣ ਦਾ ਖਦਸ਼ਾ ਵਧ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਬੁੱਧਵਾਰ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਦੱਸਿਆ ਕਿ ਅਗਲੇ 4-5 ਦਿਨਾਂ ਤੱਕ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਭਿਆਨਕ ਲੂ ਦੀ ਸਥਿਤੀ ਬਣੀ ਰਹੇਗੀ। ਸੂਰਜ ਦੇ ਸਖਤ ਤੇਵਰ ਅਤੇ ਵਧਦੇ ਤਾਪਮਾਨ ਕਾਰਨ ਲੋਕਾਂ ਨੂੰ ਦੁਪਹਿਰ ਵੇਲੇ ਘਰਾਂ ’ਚੋਂ ਬਾਹਰ ਨਿਕਲਣ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕੁਝ ਇਲਾਕਿਆਂ ’ਚ 24 ਅਤੇ 25 ਅਪ੍ਰੈਲ ਨੂੰ ਲੂ ਦੀ ਸਥਿਤੀ ਰਹਿ ਸਕਦੀ ਹੈ। ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਤਾਪਮਾਨ ਆਮ ਨਾਲੋਂ ਕਈ ਡਿਗਰੀ ਉੱਪਰ ਜਾ ਸਕਦਾ ਹੈ, ਜਿਸ ਨਾਲ ਝੁਲਸਾਉਣ ਵਾਲੀ ਗਰਮੀ ਮਹਿਸੂਸ ਹੋਵੇਗੀ। ਵਿਭਾਗ ਅਨੁਸਾਰ ਪੱਛਮੀ ਉੱਤਰ ਪ੍ਰਦੇਸ਼ ’ਚ 23-25 ਅਪ੍ਰੈਲ, ਪੂਰਬੀ ਉੱਤਰ ਪ੍ਰਦੇਸ਼ ’ਚ 23-26 ਅਪ੍ਰੈਲ, ਰਾਜਸਥਾਨ ’ਚ 24-26 ਅਪ੍ਰੈਲ, ਮੱਧ ਪ੍ਰਦੇਸ਼ ’ਚ 23-26 ਅਪ੍ਰੈਲ, ਵਿਦਰਭ ਅਤੇ ਛੱਤੀਸਗੜ੍ਹ ’ਚ 24 ਤੋਂ 27 ਅਪ੍ਰੈਲ ਤੱਕ ਦੀ ਸਮਾਂ-ਹੱਦ ’ਚ ਲੂ ਚੱਲਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਦੌਰਾਨ ਹਰਿਆਣਾ, ਚੰਡੀਗੜ੍ਹ, ਦਿੱਲੀ, ਓਡਿਸ਼ਾ, ਕੋਂਕਣ ਅਤੇ ਗੋਆ ਦੇ ਕੁਝ ਇਲਾਕਿਆਂ ’ਚ ਰਾਤ ਵੇਲੇ ਗਰਮੀ ਵਧਣ ਦੀ ਸੰਭਾਵਨਾ ਹੈ। ਆਈ. ਐੱਮ. ਡੀ. ਅਨੁਸਾਰ, ਪੂਰਬ-ਉੱਤਰ ਅਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ’ਚ ਇਸ ਹਫ਼ਤੇ ਗਰਜ ਦੇ ਨਾਲ ਮੀਂਹ ਪੈ ਸਕਦਾ ਹੈ।
