ਨਫ਼ਰਤ ਤੇ ਡਰ ਫੈਲਾਉਣ ਵਾਲੀਆਂ ਤਾਕਤਾਂ ਅੱਗੇ ਕਦੇ ਨਹੀਂ ਝੁਕੇਗਾ ਭਾਰਤ, ਪਹਿਲਗਾਮ ਹਮਲੇ ਦੀ ਬਰਸੀ ''ਤੇ ਬੋਲੇ ਰਾਹੁਲ
Wednesday, Apr 22, 2026 - 01:43 PM (IST)
ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਪੂਰਾ ਦੇਸ਼ ਅੱਤਵਾਦ ਦੇ ਖ਼ਿਲਾਫ਼ ਇਕਜੁਟ ਹੈ ਅਤੇ ਭਾਰਤ ਉਨ੍ਹਾਂ ਤਾਕਤਾਂ ਦੇ ਅੱਗੇ ਕਦੇ ਨਹੀਂ ਝੁਕੇਗਾ, ਜੋ ਨਫ਼ਰਤ ਅਤੇ ਡਰ ਫੈਲਾਉਣਾ ਚਾਹੁੰਦੀਆਂ ਹਨ। ਉਨ੍ਹਾਂ ਨੇ ਪਹਿਲਗਾਮ ਹਮਲੇ 'ਚ ਆਪਣੀ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਕਾਇਰਾਨਾ ਹਮਲੇ ਦੀ ਪਹਿਲੀ ਬਰਸੀ 'ਤੇ ਰਾਹੁਲ ਗਾਂਧੀ ਨੇ ਮਾਰੇ ਗਏ ਸਾਰੇ ਬਹਾਦਰਾਂ ਨੂੰ ਸ਼ਰਧਾਂਜਲੀ ਦਿੱਤੀ।
ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਹਿੰਦੀ 'ਚ ਇਕ ਪੋਸਟ 'ਚ ਕਿਹਾ,''ਭਾਰਤ ਨਾ ਤਾਂ ਕਦੇ ਉਨ੍ਹਾਂ ਦੇ ਬਲੀਦਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦੁਖ ਨੂੰ ਭੁੱਲੇਗਾ ਅਤੇ ਨਾ ਹੀ ਇਸ ਕਾਇਰਾਨਾ ਹਰਕਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਦੇ ਮੁਆਫ਼ ਕਰੇਗਾ।'' ਉਨ੍ਹਾਂ ਕਿਹਾ,''ਜਿਹੜੇ ਬੇਗੁਨਾਹ ਲੋਕਾਂ ਦੀ ਜਾਨ ਇੰਨੀ ਬੇਰਹਿਮੀ ਨਾਲ ਖੋਹ ਲਈ ਗਈ ਉਨ੍ਹਾਂ ਦੀ ਯਾਦ ਅੱਜ ਵੀ ਸਾਡੇ ਦਿਲਾਂ ਨੂੰ ਝੰਜੋੜ ਦਿੰਦੀ ਹੈ। ਸ਼ਹੀਦਾਂ ਦੇ ਪਰਿਵਾਰਾਂ ਦਾ ਦੁੱਖ ਸਾਡਾ ਸਾਰਿਆਂ ਦਾ ਸਾਂਝਾ ਦੁਖ ਹੈ।'' ਰਾਹੁਲ ਨੇ ਕਿਹਾ,''ਦੇਸ਼ ਦੇ ਇਨ੍ਹਾਂ ਸਪੂਤਾਂ ਦਾ ਬਲੀਦਾਨ ਭਾਰਤ ਦੀ ਆਤਮਾ 'ਚ ਹਮੇਸ਼ਾ ਲਈ ਅਮਿੱਟ ਰਹੇਗਾ।''

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੂਰਾ ਦੇਸ਼ ਅੱਤਵਾਦ ਅਤੇ ਹਿੰਸਾ ਦੇ ਖ਼ਿਲਾਫ਼ ਇਕਜੁਟ ਸੀ, ਅੱਜ ਵੀ ਇਕਜੁਟ ਹੈ ਅਤੇ ਹਮੇਸ਼ਾ ਇਕਜੁਟ ਰਹੇਗਾ। ਰਾਹੁਲ ਨੇ ਆਪਣੀ ਪੋਸਟ 'ਚ ਕਿਹਾ,''ਭਾਰਤ ਉਨ੍ਹਾਂ ਤਾਕਤਾਂ ਦੇ ਅੱਗੇ ਕਦੇ ਨਹੀਂ ਝੁਕੇਗਾ, ਜੋ ਨਫ਼ਰਤ ਅਤੇ ਡਰ ਫੈਲਾਉਣਾ ਚਾਹੁੰਦੀਆਂ ਹਨ, ਅਸੀਂ ਹੋਰ ਵੀ ਜ਼ਿਆਦਾ ਤਾਕਤ, ਏਕਤਾ ਅਤੇ ਪੱਕੇ ਇਰਾਦੇ ਨਾਲ ਉਨ੍ਹਾਂ ਖ਼ਿਲਾਫ਼ ਖੜ੍ਹੇ ਹੋਵਾਂਗੇ। ਜੈ ਹਿੰਦ।'' ਦੱਸਣਯੋਗ ਹੈ ਕਿ ਪਿਛਲੇ ਸਾਲ ਇਸੇ ਦਿਨ, ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹਮਲਾ ਕੀਤਾ ਸੀ, ਜਿਸ 'ਚ 26 ਬੇਗੁਨਾਹ ਲੋਕ ਮਾਰੇ ਗਏ ਸਨ, ਜਿਨ੍ਹਾਂ 'ਚ ਜ਼ਿਆਦਾਤਰ ਪੂਰੇ ਭਾਰਤ ਤੋਂ ਆਏ ਸੈਲਾਨੀ ਸਨ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖ਼ਿਲਾਫ਼ 'ਆਪਰੇਸ਼ਨ ਸਿੰਦੂਰ' ਨਾਂ ਨਾਲ ਇਕ ਜਵਾਬੀ ਫ਼ੌਜ ਕਾਰਵਾਈ ਕੀਤੀ ਸੀ, ਜਿਸ 'ਚ ਭਾਰਤੀ ਹਥਿਆਰਬੰਦ ਫ਼ੋਰਸਾਂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) 'ਚ ਫ਼ੌਜ ਅਤੇ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
