ਚੀਨ ’ਤੇ ਸ਼ਿਕੰਜਾ ਕੱਸਣ ਲਈ ਭਾਰਤ ਖਰੀਦੇਗਾ MQ-9ਬੀ ਡਰੋਨ, ਜਾਣੋ ਇਸ ਦੀ ਖ਼ਾਸੀਅਤ
Monday, Aug 22, 2022 - 11:03 AM (IST)
ਨਵੀਂ ਦਿੱਲੀ- ਚੀਨ ’ਤੇ ਸ਼ਿਕੰਜਾ ਕੱਸਣ ਲਈ ਭਾਰਤ, ਅਮਰੀਕਾ ਤੋਂ ਐੱਮ. ਕਿਊ-9ਬੀ ਡਰੋਨ ਖਰੀਦੇਗਾ। ਅਸਲ ਕੰਟਰੋਲ ਰੇਖਾ ਅਤੇ ਹਿੰਦ ਮਹਾਸਾਗਰ ’ਤੇ ਚੌਕਸੀ ਵਧਾਉਣ ਲਈ ਭਾਰਤ 3 ਬਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਨਾਲ 30 ਐੱਮ. ਕਿਊ-9ਬੀ ਡਰੋਨ ਪ੍ਰੀਡੇਟਰ ਹਥਿਆਰਬੰਦ ਡਰੋਨ ਖਰੀਦਣ ਲਈ ਅਮਰੀਕਾ ਨਾਲ ਗੱਲਬਾਤ ਦੇ ਅੰਤਿਮ ਪੜਾਅ ’ਤੇ ਹੈ। ਇਸ ਨਾਲ ਜੁੜੇ ਅਧਿਕਾਰੀਆਂ ਨੇ ਐਤਵਾਰ ਇਸ ਬਾਰੇ ਜਾਣਕਾਰੀ ਦਿੱਤੀ। ਲੰਬੇ ਸਮੇਂ ਤੱਕ ਹਵਾ ਵਿਚ ਰਹਿਣ ਵਾਲੇ ਇਹ ਡਰੋਨ ਫੌਜ ਦੇ ਤਿੰਨਾਂ ਅੰਗਾਂ ਲਈ ਖਰੀਦੇ ਜਾ ਰਹੇ ਹਨ।
ਐੱਮ. ਕਿਊ-9ਬੀ ਡਰੋਨ ਐੱਮ. ਕਿਊ-9 ‘ਰੀਪਰ’ ਦਾ ਇਕ ਰੂਪ ਹੈ। ਕਿਹਾ ਜਾਂਦਾ ਹੈ ਕਿ ਐੱਮ. ਕਿਊ-9 ‘ਰੀਪਰ’ ਦੀ ਵਰਤੋਂ ਹੇਲਫਾਇਰ ਮਿਜ਼ਾਈਲ ਦੇ ਸੋਧੇ ਰੂਪ ਨੂੰ ਚਲਾਉਣ ਲਈ ਕੀਤੀ ਗਈ ਸੀ। ਇਸ ਨੇ ਪਿਛਲੇ ਮਹੀਨੇ ਕਾਬੁਲ ਵਿਚ ਅਲ-ਕਾਇਦਾ ਦੇ ਨੇਤਾ ਅਲ-ਜ਼ਵਾਹਿਰੀ ਨੂੰ ਮਾਰ ਦਿੱਤਾ ਸੀ। ਇਸ ਦੀ ਦੁਨੀਆ ਭਰ ’ਚ ਮੰਗ ਹੈ ਪਰ ਅਮਰੀਕਾ ਦੇ ਕੁਝ ਖ਼ਾਸ ਸਹਿਯੋਗੀ ਦੇਸ਼ਾਂ ਨੂੰ ਹੀ ਇਹ ਦਿੱਤਾ ਗਿਆ ਹੈ।
ਜਾਣੋ ਇਸ ਡਰੋਨ ਦੀ ਖ਼ਾਸੀਅਤ
ਇਹ ਡਰੋਨ ਸਮੁੰਦਰੀ ਚੌਕਸੀ, ਪਣਡੁੱਬੀ ਰੋਧੀ ਹਥਿਆਰ, ਆਕਾਸ਼ ’ਚ ਟੀਚਾ ਸਾਧਨ ਅਤੇ ਜ਼ਮੀਨ ’ਤੇ ਮੌਜੂਦ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਸਮੇਤ ਵੱਖ-ਵੱਖ ਕੰਮ ਕਰਨ ’ਚ ਸਮਰੱਥ ਹੈ। ਅਮਰੀਕੀ ਰੱਖਿਆ ਕੰਪਨੀ ਵਲੋਂ ਬਣੇ ਇਹ ਰਿਮੋਟ ਕੰਟਰੋਲ ਡਰੋਨ ਕਰੀਬ 35 ਘੰਟੇ ਤੱਕ ਹਵਾ ’ਚ ਰਹਿਣ ਦੇ ਸਮਰੱਥ ਹੈ। ਇਸ ਨੂੰ ਨਿਗਰਾਨੀ, ਖ਼ੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਦੁਸ਼ਮਣ ਦੇ ਟਿਕਾਣਿਆਂ ਨੂੰ ਨਸ਼ਟ ਕਰਨ ਸਮੇਤ ਕਈ ਮਕਸਦ ਲਈ ਤਾਇਨਾਤ ਕੀਤਾ ਜਾ ਸਕਦਾ ਹੈ। ਉਂਝ ਤਾਂ ਭਾਰਤੀ ਜਲ ਸੈਨਾ ਨੇ ਇਸ ਡਰੋਨ ਦੀ ਖਰੀਦ ਲਈ ਪ੍ਰਸਤਾਵ ਭੇਜਿਆ ਸੀ ਪਰ ਖਰੀਦ ਪੂਰੀ ਹੋਣ ’ਤੇ ਤਿੰਨੋਂ ਸੈਨਾਵਾਂ ਨੂੰ ਡਰੋਨ ਮਿਲਣ ਦੀ ਸੰਭਾਵਨਾ ਹੈ।