ਪਰਿਵਾਰਾਂ ''ਚ ਏਕਤਾ ਅਤੇ ਰਾਸ਼ਟਰੀ ਭਾਵਨਾ ਨਾਲ ਸ਼ਕਤੀਸ਼ਾਲੀ ਬਣੇਗਾ ਭਾਰਤ : ਭਾਗਵਤ
Monday, Feb 20, 2023 - 10:58 AM (IST)

ਬਰੇਲੀ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਭਾਰਤੀ ਪਰਿਵਾਰ ਵਿਵਸਥਾ ਨੂੰ ਸਰਵੋਤਮ ਦੱਸਦਿਆਂ ਕਿਹਾ ਹੈ ਕਿ ਜਦੋਂ ਪਰਿਵਾਰਾਂ ਵਿਚ ਏਕਤਾ ਅਤੇ ਰਾਸ਼ਟਰਵਾਦ ਦੀ ਭਾਵਨਾ ਜਾਗ ਜਾਵੇਗੀ ਤਾਂ ਰਾਸ਼ਟਰ ਸ਼ਕਤੀਸ਼ਾਲੀ ਬਣੇਗਾ। ਮਹਾਤਮਾ ਜੋਤੀਬਾ ਫੂਲੇ ਰੋਹੇਲਖੰਡ ਯੂਨੀਵਰਸਿਟੀ, ਬਰੇਲੀ ਦੇ ਅਟਲ ਆਡੀਟੋਰੀਅਮ ਵਿਚ ਐਤਵਾਰ ਆਯੋਜਿਤ ਕਾਰਜਕਰਤਾ ਪਰਿਵਾਰ ਮਿਲਨ ਪ੍ਰੋਗਰਾਮ ਵਿੱਚ ਭਾਗਵਤ ਨੇ ਕਿਹਾ ਕਿ ਭਾਰਤੀ ਪਰਿਵਾਰ ਵਿਵਸਥਾ ਸਭ ਤੋਂ ਉੱਤਮ ਹੈ। ਦੇਸ਼ ਉਦੋਂ ਹੀ ਮਜ਼ਬੂਤ ਹੋਵੇਗਾ ਜਦੋਂ ਪਰਿਵਾਰਾਂ ਵਿਚ ਏਕਤਾ ਅਤੇ ਰਾਸ਼ਟਰਵਾਦ ਦੀ ਭਾਵਨਾ ਜਾਗ ਜਾਵੇਗੀ।
ਉਨ੍ਹਾਂ ਕਿਹਾ ਕਿ ਸਮਾਜ ਨੂੰ ਵਧੀਆ ਸੰਸਕ੍ਰਿਤੀ ਵਾਲਾ, ਚਰਿੱਤਰਵਾਨ, ਰਾਸ਼ਟਰ ਨੂੰ ਸਮਰਪਿਤ ਅਤੇ ਅਨੁਸ਼ਾਸਿਤ ਬਣਾਉਣ ਵਿੱਚ ਪਰਿਵਾਰ ਦੀ ਅਹਿਮ ਭੂਮਿਕਾ ਹੈ, ਇਸ ਲਈ ਸੰਘ ਆਪਣੇ ਵਾਲੰਟੀਅਰਾਂ ਦੇ ਪਰਿਵਾਰਾਂ ਨੂੰ ਭਾਰਤੀ ਸੰਸਕ੍ਰਿਤੀ ਦੇ ਮੂਲ ਸੰਕਲਪਾਂ ਨਾਲ ਜੋੜ ਕੇ ਸਮਾਜ ਨੂੰ ਮਜ਼ਬੂਤ ਕਰਨ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਆਪਣੀ ਮਾਂ-ਬੋਲੀ, ਆਪਣਾ ਪਹਿਰਾਵਾ, ਭਜਨ, ਭਵਨ, ਸੈਰ-ਸਪਾਟੇ ਅਤੇ ਖਾਣ-ਪੀਣ ਨੂੰ ਅਪਣਾਉਣਾ ਪਵੇਗਾ। ਸੰਘ ਮੁਖੀ ਨੇ ਵਾਲੰਟੀਅਰਾਂ ਨੂੰ ਕਿਹਾ ਕਿ ਉਹ ਕੁਦਰਤੀ ਸੋਮਿਆਂ ਦੀ ਅੰਨ੍ਹੇਵਾਹ ਲੁੱਟ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਘਰ-ਘਰ ਬੂਟੇ ਲਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ