ਭਾਰਤ, ਵੀਅਤਨਾਮ ਨੇ ਰੱਖਿਆ ਸੰਬੰਧਾਂ ’ਚ ਵਿਸਤਾਰ ਲਈ ਫ਼ੌਜੀ ‘ਲਾਜਿਸਟਿਕ ਸਪੋਰਟ’ ਸਮਝੌਤਾ ਕੀਤਾ

06/09/2022 11:09:57 AM

ਨਵੀਂ ਦਿੱਲੀ (ਭਾਸ਼ਾ)- ਭਾਰਤ ਅਤੇ ਵੀਅਤਨਾਮ ਨੇ 2030 ਤੱਕ ਰੱਖਿਆ ਸੰਬੰਧਾਂ ਦੇ ਦਾਇਰੇ ਨੂੰ ਹੋਰ ਵਿਆਪਕ ਬਣਾਉਣ ਲਈ ਇਕ ‘ਵਿਜ਼ਨ’ ਦਸਤਾਵੇਜ਼ ਅਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਨੂੰ ਇਕ-ਦੂਜੇ ਦੇ ਅਦਾਰਿਆਂ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇਣ ਦੇ ਵਾਸਤੇ ‘ਲਾਜਿਸਟਿਕ ਸਪੋਰਟ’ (ਸਮਾਨ ਅਤੇ ਸੇਵਾਵਾਂ ਦੀ ਆਵਾਜਾਈ ਨੂੰ ਸਾਂਝੀ ਹਮਾਇਤ) ਸਮਝੌਤੇ ’ਤੇ ਹਸਤਾਖਰ ਕੀਤੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਵੀਅਤਨਾਮ ਦੇ ਆਪਣੇ ਹਮਅਹੁਦਾ ਜਨਰਲ ਫਾਨ ਵਾਨ ਗਿਆਂਗ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ ਬਣਨ ਤੋਂ ਬਾਅਦ ਇਨ੍ਹਾਂ ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ। ਦੱਖਣੀ ਚੀਨ ਸਾਗਰ ਵਿਚ ਚੀਨ ਦੀ ਵਧਦੇ ਹਮਲਾਵਰਤਾ ਦਰਮਿਆਨ ਦੋਵਾਂ ਦੇਸ਼ਾਂ ਦੇ ਮੱਧ ਫ਼ੌਜੀ ਸੰਬੰਧਾਂ ਦੀ ਇਸ ਤਰੱਕੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਇਹ ਪਹਿਲਾ ਅਜਿਹਾ ਵੱਡਾ ਸਮਝੌਤਾ ਹੈ, ਜੋ ਵੀਅਤਨਾਮ ਨੇ ਕਿਸੇ ਦੇਸ਼ ਨਾਲ ਕੀਤਾ ਹੈ। ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਦੀ ਫ਼ੌਜ ਇਕ-ਦੂਜੇ ਦੇ ਅਦਾਰਿਆਂ ਦਾ ਇਸਤੇਮਾਲ ਮੁਰੰਮਤ ਕਾਰਜ ਲਈ ਅਤੇ ਸਪਲਾਈ ਸੰਬੰਧੀ ਕਾਰਜ ਲਈ ਕਰ ਸਕੇਗੀ। ਸਿੰਘ ਅਤੇ ਜਨਰਲ ਗਿਆਂਗ ਦਰਮਿਆਨ ਗੱਲਬਾਤ ਤੋਂ ਬਾਅਦ ਰੱਖਿਆ ਮੰਤਰਾਲਾ ਨੇ ਕਿਹਾ ਕਿ ਭਾਰਤ ਅਤੇ ਵੀਅਤਨਾਮ ਦੇ ਸਮਕਾਲੀਨ ਸਮੇਂ ਵਿਚ ਸਭ ਤੋਂ ਵਧ ਭਰੋਸੇਮੰਦ ਰਿਸ਼ਤੇ ਹਨ ਅਤੇ ਦੋਵਾਂ ਦੇ ਵਿਆਪਕ ਹਿੱਤ ਅਤੇ ਸਾਂਝੀਆਂ ਚਿੰਤਾਵਾਂ ਹਨ। ਸਿੰਘ ਨੇ ਕਿਹਾ ਕਿ ਭਾਰਤ ਅਤੇ ਵੀਅਤਨਾਮ ਦਰਮਿਆਨ ਕਰੀਬੀ ਰੱਖਿਆ ਅਤੇ ਸੁਰੱਖਿਆ ਸਹਿਯੋਗ ਹਿੰਦ-ਪ੍ਰਸ਼ਾਂਤ ਖੇਤਰ ਦੀ ਸਥਿਤਰਾ ਲਈ ਅਹਿਮ ਹੈ। ਇਥੇ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਦੋਵਾਂ ਦੇਸ਼ਾਂ ਦਰਮਿਆਨ ਵਧਦੇ ਸਹਿਯੋਗ ਦੇ ਸਮੇਂ ਇਹ (ਲਾਜਿਸਟਿਕ ਸਮਝੌਤਾ) ਦੋਵਾਂ ਦੇਸ਼ਾਂ ਦੀਆਂ ਰੱਖਿਆ ਫ਼ੋਰਸਾਂ ਦਰਮਿਆਨ ਸਹਿਯੋਗ ਵਧਾਉਣ ਦੇ ਕ੍ਰਮ ਵਿਚ ਆਪਸੀ ਲਾਭਕਾਰੀ ਲਾਜਿਸਟਿਕ ਸਪੋਰਟ ਪ੍ਰਕਿਰਿਆਵਾਂ ਨੂੰ ਸੌਖਾ ਬਣਾਉਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ ਅਤੇ ਇਹ ਪਹਿਲਾ ਅਜਿਹਾ ਵੱਡਾ ਸਮਝੌਤਾ ਹੈ, ਜਿਸ ’ਤੇ ਵੀਅਤਨਾਮ ਨੇ ਕਿਸੇ ਦੇਸ਼ ਨਾਲ ਹਸਤਾਖਰ ਕੀਤੇ ਹਨ।

ਸਿੰਘ 3 ਦਿਨਾਂ ਯਾਤਰਾ ’ਤੇ ਮੰਗਲਵਾਰ ਨੂੰ ਵੀਅਤਨਾਮ ਪੁੱਜੇ ਸਨ। ਉਨ੍ਹਾਂ ਇਸ ਦੌਰਾਨ ਵੀਅਤਨਾਮ ਦੇ ਰਾਸ਼ਟਰਪਤੀ ਗੁਯੇਨ ਜੁਆਨ ਫੁਕ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਦੀ ਚਰਚਾ ਦੇ ਕੇਂਦਰ ਵਿਚ ਦੋਵਾਂ ਦੇਸ਼ਾਂ ਦੇ ਰਣਨੀਤੀ ਸੰਬੰਧ ਰਹੇ। ਅਧਿਕਾਰੀਆਂ ਨੇ ਦੱਸਿਆ ਦੋਵਾਂ ਰੱਖਿਆ ਮੰਤਰੀਆਂ ਨੇ 2030 ਤੱਕ ਵਿਭਿੰਨ ਖੇਤਰਾਂ ਵਿਚ ਰੱਖਿਆ ਸੰਬੰਧਾਂ ਦੇ ਮਹੱਤਵਪੂਰਨ ਵਿਸਤਾਰ ਲਈ ਸਾਂਝੇ ਨਜ਼ਰੀਏ ਦਸਤਾਵੇਜ਼ ’ਤੇ ਹਸਤਾਖਰ ਕੀਤੇ। ਸਿੰਘ ਨੇ ਗਿਆਂਗ ਨਾਲ ਮੁਲਾਕਾਤ ਤੋਂ ਬਾਅਦ ਟਵੀਟ ਕੀਤਾ ਕਿ ਵੀਅਤਨਾਮ ਦੇ ਰੱਖਿਆ ਮੰਤਰੀ ਜਨਰਲ ਫਾਨ ਵਾਨ ਗਿਆਂਗ ਦੇ ਨਾਲ ਮੁਲਾਕਾਤ ਬਿਹਤਰੀਨ ਰਹੀ। ਅਸੀਂ ਦੋ-ਪੱਖੀ ਸਹਿਯੋਗ ਦੇ ਵਿਸਤਾਰ ’ਤੇ ਗੱਲਬਾਤ ਮੁੜ ਸ਼ੁਰੂ ਕੀਤੀ। ਸਾਡੇ ਦਰਮਿਆਨ ਮਜ਼ਬੂਤ ਰੱਖਿਆ ਅਤੇ ਸੁਰੱਖਿਆ ਸਹਿਯੋਗ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸਥਿਰਤਾ ਲਈ ਮਹੱਤਵਪੂਰਨ ਹੈ।


DIsha

Content Editor

Related News