ਜੈਸ਼ੰਕਰ ਦੀ ਪਾਕਿ ਨੂੰ ਚਿਤਾਵਨੀ, ਕਿਹਾ- ਭਾਰਤ ਤੇ ਅਮਰੀਕਾ ਅੱਤਵਾਦ ਦਾ ਮੁਕਾਬਲਾ ਕਰਨ ਲਈ ਇਕਜੁੱਟ
Friday, Jul 30, 2021 - 02:56 PM (IST)
ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨ ਅਤੇ ਚੀਨ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਰਾਜਸਭਾ ਵਿਚ ਕਿਹਾ ਕਿ ਭਾਰਤ ਅਤੇ ਅਮਰੀਕਾ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਯਕੀਨੀ ਕਰਦੇ ਹੋਏ ਅੱਤਵਾਦ ਦੇ ਸੰਕਟ ਦਾ ਮੁਕਾਬਲਾ ਕਰਨ ਅਤੇ ਬੁਨਿਆਦੀ ਢਾਂਚੇ ਦੇ ਪਾਰਦਰਸ਼ੀ ਵਿਕਾਸ ਜ਼ਰੀਏ ਖੇਤਰੀ ਆਰਥਿਕ ਸੰਪਰਕ ਦਾ ਸਮਰਥਨ ਕਰਨ ਲਈ ਇਕਜੁੱਟ ਹਨ। ਉਨ੍ਹਾਂ ਕਿਹਾ ਕਿ ਦੋਵੇਂ ਪੱਖ ਹੋਰ ਗੱਲਾਂ ਦੇ ਨਾਲ-ਨਾਲ ਅੱਤਵਾਦੀਆਂ ਲਈ ਸੁਰੱਖਿਆ ਪਨਾਹਗਾਹਾਂ ਅਤੇ ਅੱਤਵਾਦੀ ਵਿੱਤ ਪੋਸ਼ਣ ਦੇ ਵਿਰੋਧ ਅਤੇ ਸਾਡੇ ਨੇੜੇ ਗੁਆਂਢ ਵਿਚ ਮੌਜੂਦ ਅੱਤਵਾਦੀ ਗੁੱਟਾ ਸਮੇਤ ਹੋਰ ਅੱਤਵਾਦੀ ਸਮੂਹਾਂ ਦੇ ਖ਼ਤਰਿਆਂ ਖ਼ਿਲਾਫ਼ ਸਹਿਯੋਗ ਨੂੰ ਮਜ਼ਬੂਤ ਬਣਾ ਕੇ ਅੱਤਵਾਦ ਦੇ ਗਲੋਬਲ ਸੰਕਟ ਨੂੰ ਦੂਰ ਕਰਨ ਲਈ ਇਕਜੁੱਟ ਹਨ। ਵਿਦੇਸ਼ ਮੰਤਰੀ ਨੇ ਅਮਰੀਕਾ ਦੇ ਨਾਲ ਸਬੰਧਾਂ ਦੇ ਵਿਸ਼ੇ ’ਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਰਾਜਸਭਾ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਵਿਚਾਲੇ ਵਿਆਪਕ, ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਹੈ, ਜੋ ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਖੇਤਰੀ ਅਤੇ ਗਲੋਬਲ ਮਾਮਲਿਆਂ ’ਤੇ ਹਿੱਤਾਂ ਦੀ ਸਮਾਨਤਾ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ ਵਿਚ 2014 ਦੇ ਬਾਅਦ ਤੋਂ ਹੀ ਲਗਾਤਾਰ ਵਿਸਥਾਰ ਹੋਇਆ ਹੈ ਅਤੇ ਦੋਵਾਂ ਦੇਸ਼ਾਂ ਦੇ ਸਬੰਧ ਅੱਜ ਦੁਨੀਆ ਦੇ ਪ੍ਰਮੁੱਖ ਸਬੰਧਾਂ ਵਿਚੋਂ ਇਕ ਹਨ। ਅੱਤਵਾਦ, ਜਲਵਾਯੂ ਤਬਦੀਲੀ, ਮਹਾਮਾਰੀ ਆਦਿ ਵਰਗੇ ਸਮਕਾਲੀ ਮੁੱਦਿਆਂ ਦੇ ਹੱਲ ਲਈ ਸਾਡੀ ਸਾਂਝੀ ਵਚਨਬੱਧਤਾ ਦੋਵਾਂ ਦੇਸ਼ਾਂ ਵਿਚਾਲੇ ਗਲੋਬਲ ਸਾਂਝੇਦਾਰੀ ਦਾ ਸਬੂਤ ਹੈ।
ਜੈਸ਼ੰਕਰ ਨੇ ਇਕ ਦਿਨ ਪਹਿਲਾਂ ਹੀ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਸੀ। ਜੈਸ਼ੰਕਰ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਅਤੇ ਉਸ ਤੋਂ ਅੱਗੇ ਦੇ ਸਾਰੇ ਦੇਸ਼ਾਂ ਵਿਚ ਸ਼ਾਂਤੀ, ਸਥਿਰਤਾ ਅਤੇ ਖ਼ੁਸ਼ਹਾਲੀ ਯਕੀਨੀ ਕਰਨਾ ਭਾਰਤ ਅਤੇ ਅਮਰੀਕਾ ਦਾ ਸਾਂਝਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ 2015 ਵਿਚ ਦੋਵਾਂ ਦੇਸ਼ਾਂ ਨੇ ਏਸ਼ੀਆ-ਪ੍ਰਸ਼ਾਂਤ ਅਤੇ ਹਿੰਦ ਮਹਾਸਾਗਰ ਖੇਤਰ ਲਈ ਇਕ ਸੰਯੁਕਤ ਰਣਨੀਤਕ ਦ੍ਰਿਸ਼ਟੀਕੋਣ ਦੀ ਰੂਪਰੇਖਾ ਦਾ ਜ਼ਿਕਰ ਕੀਤਾ ਸੀ, ਜਿਸ ਵਿਚ ਸਾਰੇ ਪੱਖਾਂ ਨੂੰ ਅਪੀਲ ਕੀਤੀ ਗਈ ਕਿ ਉਹ ਧਮਕੀ ਅਤੇ ਤਾਕਤ ਦੀ ਵਰਤੋਂ ਤੋਂ ਬਚਣ ਅਤੇ ਸਮੁੰਦਰ ਦੇ ਕਾਨੂੰਨ ’ਤੇ ਸੰਯੁਕਤ ਰਾਸ਼ਟਰ ਸੰਧੀ ਸਮੇਤ ਪੂਰੇ ਵਿਸ਼ਵ ਵੱਲੋਂ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਅਨੁਸਾਰ ਸ਼ਾਂਤੀਪੂਰਨ ਤਰੀਕਿਆਂ ਨਾਲ ਖੇਤਰੀ ਅਤੇ ਸਮੁੰਦਰੀ ਵਿਵਾਦਾਂ ਦਾ ਹੱਲ ਕਰਨ ਦਾ ਸੰਕਲਪ ਲੈਣ।
ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਲਈ ਭਾਰਤ ਅਤੇ ਅਮਰੀਕਾ ਪੂਰੇ ਖੇਤਰ ਵਿਚ ਸ਼ਿਪਿੰਗ, ‘ਓਵਰਫਲਾਈਟ’ ਅਤੇ ਵਣਜ ਦੀ ਆਜ਼ਾਦੀ ਦਾ ਸਨਮਾਨ ਕਰਨ ਅਤੇ ਖੇਤਰੀ ਅਤੇ ਸਮੁੰਦਰੀ ਵਿਵਾਦਾਂ ਨੂੰ ਸ਼ਾਂਤੀਪੂਰਨ ਅਤੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਹੱਲ ਕਰਨ ਦੀ ਜ਼ਰੂਰਤ ਦਾ ਸਮਰਥਨ ਕਰਨ ਲਈ ਵਚਨਬੱਧ ਹਨ। ਉਨ੍ਹਾਂ ਦੇ ਇਸ ਬਿਆਨ ਨੂੰ ਚੀਨ ਦੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ। ਦੱਖਣੀ ਚੀਨ ਸਾਗਰ ਦੇ ਨਾਲ ਹੀ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਵਧਦੀ ਫ਼ੌਜੀ ਹਮਲਾਵਰਤਾ ਪ੍ਰਮੁੱਖ ਗਲੋਬਲ ਸ਼ਕਤੀਆਂ ਲਈ ਚਿੰਤਾ ਦਾ ਵਿਸ਼ਾ ਰਹੀ ਹੈ। ਦੁਨੀਆ ਭਰ ਵਿਚ ਚੀਨ ਦੀ ‘ਬੈਲਟ ਐਂਡ ਰੋਡ ਇਨੀਸ਼ੀਏਟਿਵ’ (ਬੀ.ਆਰ.ਆਈ.) ਦੀ ਆਲੋਚਨਾ ਹੋ ਰਹੀ ਹੈ ਅਤੇ ਚੀਨੀ ਵਿੱਤ ਪੋਸ਼ਣ ਦੇ ਨਤੀਜੇ ਵਜੋਂ ਕਈ ਦੇਸ਼ਾਂ ਵਿਚ ਕਰਜ਼ਾ ਵੱਧ ਗਿਆ ਹੈ, ਜਿੱਥੇ ਇਕ ਮੈਗਾ ਪ੍ਰੋਗਰਾਮ ਤਹਿਤ ਬੁਨਿਆਦੀ ਢਾਂਚਾ ਪ੍ਰਾਜੈਕਟ ਲਾਗੂ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਇਟਲੀ ਸਰਕਾਰ ਦਾ ਵੱਡਾ ਫ਼ੈਸਲਾ, ਭਾਰਤੀ ਉਡਾਣਾਂ 'ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ
ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ਨੇ ਗਲੋਬਲ ਗੈਰ-ਪ੍ਰਸਾਰ ਸਾਥੀ ਦੇ ਰੂਪ ਵਿਚ ਪ੍ਰਮਾਣੂ ਸਪਲਾਇਰ ਸਮੂਹ ਵਿਚ ਭਾਰਤ ਦੀ ਮੈਂਬਰਸ਼ਿਪ ਲਈ ਮਜ਼ਬੂਤ ਸਮਰਥਨ ਪ੍ਰਗਟ ਕੀਤਾ ਹੈ ਅਤੇ ‘ਐਮ.ਟੀ.ਸੀ.ਆਰ.’, ‘ਵਾਸੇਨਾਰ’ ਵਿਵਸਥਾ ਅਤੇ ਆਸਟ੍ਰੇਲੀਆ ਸਮੂਹ ਵਿਚ ਭਾਰਤ ਦੇ ਸ਼ਾਮਲ ਹੋਣ ਦਾ ਸਮਰਥਨ ਕੀਤਾ ਹੈ। ਅਮਰੀਕਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਵੀ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਦੇ ਸਬੰਧ ਮਜ਼ਬੂਤ ਸਹਿਯੋਗ, ਸਾਂਝੀਆਂ ਕਦਰਾਂ ਕੀਮਤਾਂ ਅਤੇ ਹਿੱਤਾਂ ਨੂੰ ਦੇਖਦੇ ਹੋਏ ਮਜ਼ਬੂਤ ਸਥਿਤੀ ਵਿਚ ਹਨ ਅਤੇ ਆਉਣ ਵਾਲੇ ਸਾਲਾਂ ਵਿਚ ਦੋਵਾਂ ਦੇਸ਼ਾਂ ਦੇ ਨੇਤਾ ਗਲੋਬਲ ਸਬੰਧਾਂ ਅਤੇ ਸਾਂਝੇਦਾਰੀ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਦੀਆਂ ਪ੍ਰਮੁੱਖ ਤਰਜੀਹਾਂ ਵਿਚ ਸਿਹਤ ਦੇਖ਼ਭਾਲ ਅਤੇ ਕੋਵਿਡ-19 ਨਾਲ ਸਬੰਧਤ ਕਾਰਵਾਈ, ਡਿਜੀਟਲ ਇਨੋਵੇਸ਼ਨ ਈਕੋਸਿਸਟਮ, ਨਵਿਆਉਣਯੋਗ ਊਰਜਾ, ਗਿਆਨ ਅਤੇ ਸਿੱਖਿਆ ਵਿਚ ਹਿੱਸੇਦਾਰੀ ਅਤੇ ਰਣਨੀਤਕ ਅਤੇ ਰੱਖਿਆ ਸਹਿਯੋਗ ਸ਼ਾਮਲ ਹਨ।
ਜੈਸ਼ੰਕਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਸਿਹਤ ਖੇਤਰ ਸਹਿਯੋਗ ਲਈ ਇਕ ਮਹੱਤਵਪੂਰਨ ਖੇਤਰ ਦੇ ਰੂਪ ਵਿਚ ਉਭਰਿਆ ਹੈ। ਪਿਛਲੇ ਸਾਲ ਭਾਰਤ ਵੱਲੋਂ ਅਮਰੀਕਾ ਨੂੰ ਮਹੱਤਵਪੂਰਨ ਦਵਾਈਆਂ ਅਤੇ ਸੁਰੱਖਿਆ ਉਪਕਰਨਾਂ ਦੀ ਸਮੇਂ ’ਤੇ ਸਪਲਾਈ ਦੀ ਸ਼ਲਾਘਾ ਕੀਤੀ ਗਈ। ਇਸ ਦੇ ਨਾਲ ਹੀ ਅਮਰੀਕਾ ਸਰਕਾਰ ਅਤੇ ਨਿੱਜੀ ਖੇਤਰ ਨੇ ਭਾਰਤ ਵਿਚ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਮਹੱਤਵਪੂਰਨ ਦਵਾਈਆਂ ਅਤੇ ਆਕਸੀਜਨ ਨਾਲ ਸਬੰਧਤ ਉਪਕਰਨਾਂ ਦੀ ਵਾਧੂ ਖੇਤ ਪ੍ਰਦਾਨ ਕੀਤੀ।
ਇਹ ਵੀ ਪੜ੍ਹੋ: ਤਾਲਿਬਾਨ ਨੇਤਾ ਚੀਨੀ ਵਿਦੇਸ਼ ਮੰਤਰੀ ਨੂੰ ਮਿਲੇ, ਬੀਜਿੰਗ ਨੂੰ ਦੱਸਿਆ 'ਭਰੋਸੇਮੰਦ ਦੋਸਤ'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।