ਭਾਰਤ-ਅਮਰੀਕਾ ਵਿਚਕਾਰ ਅੱਜ ਪਹਿਲੀ '2+2 ਵਾਰਤਾ', ਹੋਵੇਗੀ ਇਨ੍ਹਾਂ ਮੁੱਦਿਆਂ 'ਤੇ ਚਰਚਾ

Thursday, Sep 06, 2018 - 10:37 AM (IST)

ਭਾਰਤ-ਅਮਰੀਕਾ ਵਿਚਕਾਰ ਅੱਜ ਪਹਿਲੀ '2+2 ਵਾਰਤਾ', ਹੋਵੇਗੀ ਇਨ੍ਹਾਂ ਮੁੱਦਿਆਂ 'ਤੇ ਚਰਚਾ

ਵਾਸ਼ਿੰਗਟਨ /ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਅਮਰੀਕਾ ਵਿਚਕਾਰ ਪਹਿਲੀ '2+2 ਵਾਰਤਾ' ਅੱਜ ਮਤਲਬ ਵੀਰਵਾਰ ਨੂੰ ਹੋਵੇਗੀ। ਰਾਜਧਾਨੀ ਦਿੱਲੀ ਵਿਚ ਆਯੋਜਿਤ ਹੋਣ ਵਾਲੀ ਇਸ ਮੀਟਿੰਗ ਵਿਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਸ਼ਾਮਲ ਹੋਣਗੇ। ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਅਮਰੀਕੀ ਰੱਖਿਆ ਮੰਤਰੀ ਜਿਮ ਮੈਟਿਸ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਬੁੱਧਵਾਰ ਰਾਤ ਦਿੱਲੀ ਪਹੁੰਚੇ। ਅੱਜ ਦੋਵੇਂ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨਾਲ ਦੋ-ਪੱਖੀ ਮੁੱਦਿਆਂ 'ਤੇ ਚਰਚਾ ਕਰਨਗੇ। 

ਹੋਵੇਗੀ ਇਨ੍ਹਾਂ ਮੁੱਦਿਆਂ 'ਤੇ ਚਰਚਾ
ਇਸ ਦੌਰਾਨ ਭਾਰਤ-ਅਮਰੀਕਾ ਵਿਚਕਾਰ ਕਈ ਅਹਿਮ ਰੱਖਿਆ ਸਮਝੌਤੇ ਹੋਣਗੇ। ਦੋਵੇਂ ਦੇਸ਼ ਡਰੋਨ ਵੇਚਣ ਅਤੇ ਸੈਟੇਲਾਈਟ ਡਾਟਾ ਦੇ ਲੈਣ-ਦੇਣ ਨੂੰ ਲੈ ਕੇ ਵੀ ਸਮਝੌਤਾ ਕਰ ਸਕਦੇ ਹਨ। ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ,''ਭਾਰਤ ਦਾ ਰੂਸ ਨਾਲ ਮਿਜ਼ਾਈਲ ਰੱਖਿਆ ਪ੍ਰਣਾਲੀ ਅਤੇ ਈਰਾਨ ਤੋਂ ਤੇਲ ਖਰੀਦਣ 'ਤੇ ਇਸ ਵਾਰਤਾ ਵਿਚ ਚਰਚਾ ਹੋਵੇਗੀ। ਪਰ ਗੱਲਬਾਤ ਸਿਰਫ ਇਨ੍ਹਾਂ ਮੁੱਦਿਆਂ 'ਤੇ ਕੇਂਦਰਿਤ ਨਹੀਂ ਰਹੇਗੀ। ਇਹ ਸੰਬੰਧਾਂ ਦਾ ਹਿੱਸਾ ਹੈ। ਇਹ ਸਾਰੀਆਂ ਗੱਲਾਂ ਮੀਟਿੰਗ ਦੇ ਏਜੰਡੇ ਵਿਚ ਜ਼ਰੂਰ ਹੋਣਗੀਆਂ।'' ਅਜਿਹੀ ਸੰਭਾਵਨਾ ਹੈ ਕਿ ਮੀਟਿੰਗ ਦੌਰਾਨ ਭਾਰਤ ਅਮਰੀਕਾ ਨੂੰ ਦੱਸੇਗਾ ਕਿ ਉਹ ਐੱਸ.-400 ਟ੍ਰਿਯੂਮਫ ਵਾਯੂ ਰੱਖਿਆ ਮਿਜ਼ਾਈਲ ਪ੍ਰਣਾਲੀ ਖਰੀਦਣ ਲਈ ਰੂਸ ਨਾਲ 40,000 ਕਰੋੜ ਰੁਪਏ ਦਾ ਸੌਦਾ ਕਰਨ ਵਾਲਾ ਹੈ। 

ਪੋਂਪਿਓ ਨੇ ਕਿਹਾ,''ਅੱਧੇ ਦਰਜਨ ਤੋਂ ਵੱਧ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ 'ਤੇ ਇਸ ਵਾਰਤਾ ਵਿਚ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ। ਇਹ ਫੈਸਲੇ ਮਹੱਤਵਪੂਰਣ ਹਨ। ਇਹ ਫੈਸਲੇ ਸੰਬੰਧਾਂ ਦੇ ਲਿਹਾਜ ਨਾਲ ਨਿਸ਼ਚਿਤ ਹੀ ਮਹੱਤਵਪੂਰਣ ਹਨ। ਪਰ ਅਸੀਂ ਰਣਨੀਤਕ ਗੱਲਬਾਤ ਦੌਰਾਨ ਉਨ੍ਹਾਂ ਮੁੱਦਿਆਂ ਨੂੰ ਹੱਲ ਕਰਦੇ ਹੋਏ ਖੁਦ ਨੂੰ ਨਹੀਂ ਦੇਖਦੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਹੱਲ ਕਰਨ ਦਾ ਇਰਾਦਾ ਵੀ ਨਹੀਂ ਹੈ।'' ਉਨ੍ਹਾਂ ਕਿਹਾ,''ਇਹ ਅਜਿਹੀਆਂ ਚੀਜ਼ਾਂ ਹਨ ਜੋ ਵੱਡੀਆਂ ਅਤੇ ਰਣਨੀਤਕ ਰੂਪ ਨਾਲ ਮਹੱਵਤਪੂਰਣ ਹਨ ਅਤੇ ਆਉਣ ਵਾਲੇ 20, 40 ਅਤੇ 50 ਸਾਲਾਂ ਤੱਕ ਰਹਿਣਗੀਆਂ। ਇਹ ਅਜਿਹੇ ਮੁੱਦੇ ਹਨ ਜਿਨ੍ਹਾਂ 'ਤੇ ਮੈਂ ਅਤੇ ਮੈਟਿਸ ਗੱਲ ਕਰਾਂਗੇ।'' 

ਵਾਰਤਾ ਵਿਚ ਹੋਣਗੇ ਇਹ ਖਾਸ ਮੁੱਦੇ
- ਦੋਹਾਂ ਦੇਸ਼ਾਂ ਦੇ ਰੱਖਿਆ ਸਹਿਯੋਗ ਨੂੰ ਵਧਾਉਣ ਅਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਾ ਜੁਆਇੰਟ ਮਿਲਟਰੀ ਓਪਰੇਸ਼ਨ ਸ਼ੁਰੂ ਕਰਨ 'ਤੇ ਚਰਚਾ ਹੋਵੇਗੀ।
- ਇਸ ਮੀਟਿੰਗ ਵਿਚ ਭਾਰਤ ਐੱਚ.-1ਬੀ ਦਾ ਮੁੱਦਾ ਵੀ ਚੁੱਕ ਸਕਦਾ ਹੈ।
- ਇਸ ਮੀਟਿੰਗ ਵਿਚ ਅਫਗਾਨਿਸਤਾਨ ਸੰਕਟ 'ਤੇ ਵੀ ਚਰਚਾ ਹੋਵੇਗੀ।

ਇਸ ਲਈ ਖਾਸ ਹੈ 2+2 ਵਾਰਤਾ
ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਮੀਟਿੰਗ ਨਾ ਸਿਰਫ ਸੰਕੇਤਕ ਰੂਪ ਵਿਚ ਦੋਹਾਂ ਦੇਸ਼ਾਂ ਲਈ ਮਹੱਤਵਪੂਰਣ ਹੈ ਸਗੋਂ ਇਸ ਜ਼ਰੀਏ ਦੋਵੇਂ ਦੇਸ਼ ਆਪਣੀ ਨਾਰਾਜ਼ਗੀ ਦੂਰ ਕਰਨ ਦੀ ਵੀ ਕੋਸ਼ਿਸ਼ ਕਰਨਗੇ। ਪੋਂਪਿਓ ਨੇ ਪਹਿਲਾਂ 2+2 ਵਾਰਤਾ ਮੁਲਤਵੀ ਹੋਣ 'ਤੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ,''ਮੈਂ ਦੁੱਖ ਪ੍ਰਗਟ ਕਰਦਾ ਹਾਂ। ਦੂਜੀ ਵਾਰ ਮੇਰੀ ਗਲਤੀ ਸੀ। ਮੈ ਪਿਓਂਗਯਾਂਗ ਜਾਣਾ ਸੀ ਪਰ ਰੱਖਿਆ ਮੰਤਰੀ ਮੈਟਿਸ ਅਤੇ ਮੈਂ ਹੁਣ ਇਸ ਵਾਰਤਾ ਨੂੰ ਅੱਗੇ ਵਧਾਉਣ ਨੂੰ ਲੈ ਕੇ ਆਸਵੰਦ ਹਾਂ।''


Related News