ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਯੂਕੇ ਨਾਲ ਹੋਇਆ ਇਹ ਸਮਝੌਤਾ
Friday, Jul 22, 2022 - 12:06 PM (IST)
 
            
            ਨਵੀਂ ਦਿੱਲੀ (ਏਜੰਸੀ)- ਭਾਰਤ ਅਤੇ ਬ੍ਰਿਟੇਨ ਨੇ ਇਕ-ਦੂਜੇ ਦੀਆਂ ਉੱਚ ਵਿਦਿਅਕ ਡਿਗਰੀਆਂ ਨੂੰ ਮਾਨਤਾ ਦੇਣ ਦੇ ਇਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ। ਇਸ ਨਾਲ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਫ਼ਾਇਦਾ ਮਿਲਣ ਦੀ ਉਮੀਦ ਹੈ। ਇਹ ਕਦਮ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਉਨ੍ਹਾਂ ਦੀ 10 ਸਾਲਾਂ ਦੀ ਰੂਪਰੇਖਾ ਦਾ ਇਕ ਹਿੱਸਾ ਹੈ। ਬ੍ਰਿਟੇਨ ਸਰਕਾਰ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਉਸ ਨੇ ਇਕ ਬਿਆਨ ਵਿਚ ਕਿਹਾ, 'ਇਹ ਸਮਝੌਤਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਸਾਲ ਕੀਤੀ ਗਈ ਬ੍ਰਿਟੇਨ-ਭਾਰਤ ਵਿਆਪਕ ਵਪਾਰ ਸਾਂਝੇਦਾਰੀ (ਈਟੀਪੀ) ਦਾ ਹਿੱਸਾ ਹੈ। ਇਸ ਸਮਝੌਤਾ ਮੈਮੋਰੰਡਮ ਦਾ ਮਤਲਬ ਹੈ ਕਿ ਏ-ਪੱਧਰ ਅਤੇ ਉਨ੍ਹਾਂ ਦੇ ਸਮਾਨ, ਬੈਚਲਰ ਅਤੇ ਮਾਸਟਰ ਡਿਗਰੀਆਂ ਨੂੰ ਹੁਣ ਭਾਰਤ ਵਿਚ ਵੀ ਮਾਨਤਾ ਦਿੱਤੀ ਜਾਵੇਗੀ।'
ਇਹ ਵੀ ਪੜ੍ਹੋ: 75 ਸਾਲ ਬਾਅਦ ਪਾਕਿ ਸਥਿਤ ‘ਪ੍ਰੇਮ ਨਿਵਾਸ’ ਪੁੱਜੀ ਰੀਨਾ, ਭਾਰਤ-ਪਾਕਿ ਵੰਡ ਯਾਦ ਕਰ ਛਲਕੀਆਂ ਅੱਖਾਂ
ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵਾਂ ਪੱਖਾਂ ਨੇ ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ਵਿਚ ਕੰਮ ਕਰਨ ਅਤੇ ਸਿਖਲਾਈ ਲੈਣ ਦੀਆਂ ਇਛੁੱਕ ਨਰਸਾਂ ਅਤੇ ਨਰਸਿੰਗ ਸਹਾਇਕਾਂ ਨੂੰ ਮੌਕਾ ਪ੍ਰਦਾਨ ਕਰਨ ਲਈ ਇਕ ਟਾਸਕ ਫੋਰਸ ਗਠਿਕ ਕਰਨ ਦੀ ਈਟੀਪੀ ਦੀਆਂ ਵਚਨਬੱਧਤਾਵਾਂ ਨੂੰ ਲਾਗੂ ਕਰਨ ਲਈ ਸਮਝੌਤਾ ਮੈਮੋਰੰਡਮ 'ਤੇ ਵੀ ਹਸਤਾਖ਼ਰ ਕੀਤੇ। ਬ੍ਰਿਟੇਨ ਦੇ ਡਿਪਾਰਟਮੈਂਟ ਆਫ ਇੰਟਰਨੈਸ਼ਨਲ ਟਰੇਡ ਨੇ ਕਿਹਾ ਹੈ ਕਿ ਉੱਚ ਸਿੱਖਿਆ 'ਤੇ ਸਮਝੌਤਾ ਮੈਮੋਰੰਡਮ ਨਾਲ ਬ੍ਰਿਟਿਸ਼ ਯੂਨੀਵਰਸਿਟੀਆਂ ਤੋਂ ਗ੍ਰੈਜੂਏਟ ਹੋਣ ਵਾਲੇ ਭਾਰਤੀ ਵਿਦਿਆਰਥੀ ਆਪਣੇ ਦੇਸ਼ ਵਾਪਸ ਪਰਤਣ ਤੋਂ ਬਾਅਦ ਮਾਸਟਰਜ਼ ਵਿਚ ਦਾਖ਼ਲੇ ਲਈ ਅਰਜ਼ੀ ਦੇ ਸਕਣਗੇ ਜਾਂ ਉਨ੍ਹਾਂ ਸਰਕਾਰੀ ਨੌਕਰੀਆਂ ਲਈ ਅਰਜ਼ੀ ਦੇ ਸਕਣਗੇ, ਜਿਸ ਵਿਚ ਬੈਚਲਰ ਡਿਗਰੀ ਦੀ ਮੰਗ ਕੀਤੀ ਜਾਂਦੀ ਹੈ। ਬ੍ਰਿਟੇਨ ਅਤੇ ਭਾਰਤ ਪਹਿਲਾਂ ਹੀ ਇੱਕ-ਦੂਜੇ ਦੇ ਵਿਦਿਆਰਥੀਆਂ ਲਈ ਪੜ੍ਹਾਈ ਲਈ ਪਸੰਦੀਦਾ ਸਥਾਨ ਹਨ। ਅਧਿਕਾਰਤ ਅੰਕੜਿਆਂ ਦੇ ਅਨੁਸਾਰ, 2020-21 ਵਿੱਚ 84,555 ਭਾਰਤੀ ਵਿਦਿਆਰਥੀਆਂ ਨੇ ਯੂਕੇ ਵਿੱਚ ਦਾਖ਼ਲਾ ਲਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਮਝੌਤੇ ਨਾਲ ਬ੍ਰਿਟਿਸ਼ ਨਾਗਰਿਕਾਂ ਦੇ ਭਾਰਤ ਜਾ ਕੇ ਪੜ੍ਹਾਈ ਕਰਨ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ: ਚਾਹ ਦੀ ਤਲਬ ਨੇ 1 ਸਾਲ ਦੇ ਪੁੱਤਰ ਨੂੰ ਪਹੁੰਚਾਇਆ ਹਸਪਤਾਲ, ਮਾਂ ਨੇ ਖਾਧੀ ਕਦੇ ਚਾਹ ਨਾ ਪੀਣ ਦੀ ਸਹੁੰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            