ਭਾਰਤ ਦੀ ਦਰਿਆਦਿਲੀ, 11 ਪਾਕਿ ਕੈਦੀ ਕਰੇਗਾ ਰਿਹਾਅ
Monday, Jun 12, 2017 - 03:39 AM (IST)

ਨਵੀਂ ਦਿੱਲੀ — ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ-ਮੰਤਰੀ ਨਵਾਜ਼ ਸ਼ਰੀਫ ਵਿਚਾਲੇ ਅਸਤਾਨਾ 'ਚ ਗੈਰ-ਰਸਮੀ ਮੁਲਾਕਾਤ ਤੋਂ ਬਾਅਦ 'ਚ 11 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਲਿਆ ਹੈ। ਸੋਮਵਾਰ ਨੂੰ ਇਨ੍ਹਾਂ ਸਾਰਿਆਂ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਇਸ ਕਦਮ ਨੂੰ ਗੁੱਡਵਿੱਲ ਜੇਸਚਰ ਕਰਾਰ ਦਿੱਤਾ, ਉੱਥੇ ਹੀ ਪਾਕਿਸਤਾਨ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਕੈਦੀਆਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਇਸ ਲਈ ਭਾਰਤ ਉਨ੍ਹਾਂ ਨੂੰ ਰਿਹਾਅ ਕਰ ਰਿਹਾ ਹੈ।
ਇਸ ਸਾਲ ਅਪ੍ਰੈਲ 'ਚ ਪਾਕਿਸਤਾਨ ਦੀ ਮਿਲਟਰੀ ਕੋਰਟ ਵਲੋਂ ਭਾਰਤੀ ਕੈਦੀ ਕੁਲਭੂਸ਼ਣ ਯਾਦਵ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਰਤ ਸਰਕਾਰ ਦਾ ਇਸ ਤਰ੍ਹਾਂ ਦਾ ਇਹ ਪਹਿਲਾ ਫੈਸਲਾ ਹੈ। ਕਜ਼ਾਕਿਸਤਾਨ ਦੀ ਰਾਜਧਾਨੀ ਅਸਥਾਨਾ 'ਚ ਹੋਏ ਸ਼ੰਘਾਈ ਕੋ-ਆਪਰੇਸ਼ਨ ਆਰਗੇਨਾਈਜੇਸ਼ਨ (ਐੱਸ.ਸੀ.ਓ) ਸਿਖਰ ਸੰਮੇਲਨ 'ਚ ਦੋਵਾਂ ਦੇਸ਼ਾਂ ਦੀ ਪੀ.ਐੱਮਾਂ ਵਿਚਾਲੇ ਹੋਈ ਮੁਲਾਕਾਤ ਤੋਂ ਬਾਅਦ ਕੈਦੀਆਂ ਦੀ ਰਿਹਾਈ ਦਾ ਫੈਸਲਾ ਅਹਿਮ ਮੰਨਿਆ ਜਾ ਰਿਹਾ ਹੈ। ਅਧਿਕਾਰਕ ਸੂਤਰਾਂ ਅਨੁਸਾਰ ਕਿਉਂਕਿ ਪਾਕਿ ਪ੍ਰਧਾਨ-ਮੰਤਰੀ ਦੀ ਓਪਨ ਹਾਰਟ ਸਰਜਰੀ ਤੋਂ ਬਾਅਦ ਦੋਵਾਂ ਨੇਤਾਵਾਂ ਦੀ ਇਹ ਪਹਿਲੀ ਮੁਲਾਕਾਤ ਸੀ, ਅਜਿਹੇ 'ਚ ਮੋਦੀ ਨੇ ਨਵਾਜ਼ ਤੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਸੀ, ਨਾਲ ਹੀ ਉਨ੍ਹਾਂ ਦੀ ਮਾਂ ਅਤੇ ਪਰਿਵਾਰ ਦਾ ਹਾਲਚਾਲ ਵੀ ਜਾਣਿਆ ਸੀ।
ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਕੈਦੀਆਂ ਦੀ ਰਿਹਾਈ ਮਾਨਵੀ ਮੁੱਦਾ ਹੈ ਅਤੇ ਇਸ ਨੂੰ ਜਾਧਵ ਦੇ ਮਾਮਲੇ 'ਤੇ ਪਾਕਿਸਤਾਨ ਨੂੰ ਲੈ ਕੇ ਭਾਰਤ ਦੇ ਰੁਖ 'ਚ ਬਦਲਾਅ ਦੇ ਤੌਰ 'ਤੇ ਨਹੀਂ ਵੇਖਿਆ ਜਾਣਾ ਚਾਹੀਦਾ। ਸਰਕਾਰ ਨੂੰ ਉਮੀਦ ਹੈ ਕਿ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ ਭਾਰਤੀ ਕੈਦੀਆਂ ਨੂੰ ਵੀ ਉੱਥੋਂ ਦੀ ਸਰਕਾਰ ਰਿਹਾਅ ਕਰ ਦੇਵੇਗੀ। ਸਰਕਾਰ ਅਨੁਸਾਰ ੰਮੌਜੂਦਾ ਸਮੇਂ 'ਚ ਪਾਕਿਸਤਾਨ ਦੀਆਂ ਜੇਲ੍ਹਾਂ 'ਚ 132 ਭਾਰਤੀ ਕੈਦੀ ਬੰਦ ਹਨ, ਜਿਨ੍ਹਾਂ 'ਚ 57 ਨੇ ਆਪਣੀ ਸਜ਼ਾ ਪਹਿਲਾਂ ਹੀ ਪੂਰੀ ਕਰ ਲਈ ਹੈ। ਇਸ ਮਾਮਲੇ 'ਚ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਪਹਿਲਾਂ ਉਨ੍ਹਾਂ ਦੀ ਨਾਗਰਿਕਤਾ ਨਿਸ਼ਚਤ ਕਰੇ ਤਦ ਹੀ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇਗਾ।