ਅਮਰੀਕਾ ਤੋਂ ਮਿਲੇ ਖ਼ੁਫੀਆ ਇਨਪੁਟ ਨੂੰ ਗੰਭੀਰਤਾ ਨਾਲ ਲੈਂਦਾ ਹੈ ਭਾਰਤ: ਵਿਦੇਸ਼ ਮੰਤਰਾਲਾ
Thursday, Nov 23, 2023 - 01:43 PM (IST)
ਨਵੀਂ ਦਿੱਲੀ- ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਪੰਨੂ ਨੂੰ ਲੈ ਕੇ ਅਮਰੀਕਾ ਦੇ ਦਾਅਵੇ 'ਤੇ ਭਾਰਤ ਵਲੋਂ ਬਿਆਨ ਆਇਆ ਹੈ। ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਹ ਸੁਰੱਖਿਆ ਮਾਮਲਿਆਂ 'ਤੇ ਅਮਰੀਕਾ ਤੋਂ ਮਿਲਣ ਵਾਲੀਆਂ ਸੂਚਨਾਵਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ, ਕਿਉਂਕਿ ਉਹ ਸਾਡੀ ਰਾਸ਼ਟਰੀ ਸੁਰੱਖਿਆ ਚਿੰਤਾਵਾਂ 'ਤੇ ਵੀ ਅਸਰ ਪਾਉਂਦੇ ਹਨ। ਵਿਦੇਸ਼ ਮੰਤਰਾਲਾ ਵਲੋਂ ਇਹ ਟਿੱਪਣੀ ਅਜਿਹੇ ਸਮੇਂ 'ਚ ਕੀਤੀ ਗਈ ਹੈ, ਜਦੋਂ ਬ੍ਰਿਟੇਨ ਦੇ ਸਮਾਚਾਰ ਪੱਤਰ 'ਫਾਈਨੈਂਸ਼ੀਅਲ ਟਾਈਮਜ਼' ਨੇ ਕਿਹਾ ਕਿ ਅਮਰੀਕਾ ਨੇ ਆਪਣੀ ਜ਼ਮੀਨ 'ਤੇ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਮੀਡੀਆ ਰਿਪੋਰਟ ਮੁਤਾਬਕ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਰਿਪੋਰਟ ਨਾਲ ਜੁੜੇ ਸਵਾਲਾਂ ਦੇ ਜਵਾਬ 'ਚ ਕਿਹਾ, ''ਭਾਰਤ-ਅਮਰੀਕਾ ਸੁਰੱਖਿਆ ਸਹਿਯੋਗ 'ਤੇ ਹਾਲ ਹੀ 'ਚ ਹੋਈ ਚਰਚਾ ਦੌਰਾਨ ਅਮਰੀਕਾ ਨੇ ਸੰਗਠਿਤ ਅਪਰਾਧੀਆਂ, ਬੰਦੂਕ ਚਲਾਉਣ ਵਾਲਿਆਂ, ਅੱਤਵਾਦੀਆਂ ਅਤੇ ਹੋਰ ਲੋਕਾਂ ਵਿਚਾਲੇ ਮਿਲੀਭੁਗਤ ਨਾਲ ਸਬੰਧਤ ਕੁਝ ਇਨਪੁਟ ਸਾਂਝਾ ਕੀਤੇ। ਸੁਰੱਖਿਆ ਨਾਲ ਸਬੰਧਤ ਸੂਚਨਾ ਦੋਵਾਂ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਉਨ੍ਹਾਂ ਨੇ ਲੋੜੀਂਦੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਅਰਿੰਦਮ ਬਾਗਚੀ ਨੇ ਕਿਹਾ ਕਿ ਆਪਣੇ ਵਲੋਂ ਭਾਰਤ ਅਜਿਹੀ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਂਦਾ ਹੈ ਕਿਉਂਕਿ ਇਹ ਸਾਡੇ ਆਪਣੇ ਰਾਸ਼ਟਰੀ ਸੁਰੱਖਿਆ ਹਿੱਤਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਦੱਸ ਦੇਈਏ ਕਿ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਸਰਕਾਰ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਦਾ ਮਾਮਲਾ ਭਾਰਤ ਸਰਕਾਰ ਸਾਹਮਣੇ ਚੁੱਕਿਆ ਪਰ ਅਜੇ ਤੱਕ ਭਾਰਤ ਸਰਕਾਰ ਵਲੋਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਦਰਅਸਲ ਭਾਰਤ ਸਰਕਾਰ ਨੇ ਸਿੱਖ ਫ਼ਾਰ ਜਸਟਿਸ ਨੂੰ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ।