ਭਾਰਤ ਨੇ ਵੰਦੇ ਭਾਰਤ ਦਾ ਤੀਜਾ ਪੜਾਅ ਕੀਤਾ ਸ਼ੁਰੂ
Friday, Jun 12, 2020 - 02:54 AM (IST)
ਨਵੀਂ ਦਿੱਲੀ- ਵੰਦੇ ਭਾਰਤ ਦੇ ਪਹਿਲੇ 2 ਪੜਾਅ ਵਿਚ 1,65,000 ਤੋਂ ਜ਼ਿਆਦਾ ਭਾਰਤੀਆਂ ਦੇ ਘਰ ਪਰਤਣ ਤੋਂ ਬਾਅਦ ਸਰਕਾਰ ਨੇ ਵੀਰਵਾਰ ਨੂੰ ਉਸਦਾ ਤੀਜਾ ਪੜਾਅ ਸ਼ੁਰੂ ਕੀਤਾ। ਵਿਦੇਸ਼ ਮੰਤਰਾਲੇ (ਐੱਮ. ਈ. ਏ.) ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਦੱਸਿਆ ਕਿ ਤੀਜਾ ਪੜਾਅ 2 ਜੁਲਾਈ ਤੱਕ ਚੱਲੇਗਾ ਤੇ ਇਸ ਦੌਰਾਨ 432 ਉਡਾਣਾਂ ਨਾਲ 43 ਦੇਸ਼ਾਂ ਤੋਂ ਭਾਰਤੀਆਂ ਨੂੰ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਿੱਜੀ ਏਅਰ ਲਾਈਨਾਂ ਦੀਆਂ 28 ਉਡਾਣਾਂ ਵੀ ਇਸ ਪੜਾਅ 'ਚ ਚੱਲਣਗੀਆਂ। ਇਨ੍ਹਾਂ 'ਚ ਇੰਡੀਗੋ ਦੀ 24 ਤੇ ਗੋਇਅਰ ਦੀ ਤਿੰਨ ਉਡਾਣਾਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾ ਮੰਗ ਨੂੰ ਧਿਆਨ 'ਚ ਰੱਖ ਕੇ ਅਮਰੀਕਾ ਤੇ ਕੈਨੇਡਾ ਦੀਆਂ ਉਡਾਣਾਂ ਦੀ ਗਿਣਤੀ ਵਧਾਈ ਗਈ ਹੈ। ਬੁਲਾਰੇ ਨੇ ਕਿਹਾ ਕਿ ਸਰਕਾਰ ਵਲੋਂ 7 ਮਈ ਤੋਂ ਵਿਦੇਸ਼ ਤੋਂ ਭਾਰਤੀਆਂ ਨੂੰ ਲਿਆਉਣ ਦਾ ਮਿਸ਼ਨ ਸ਼ੁਰੂ ਕਰਨ ਤੋਂ ਬਾਅਦ 1,65,375 ਭਾਰਤੀ ਵਾਪਸ ਪਰਤੇ ਹਨ।