ਭਾਰਤ ਬਣਾਏਗਾ ਆਪਣਾ ਪੁਲਾੜ ਕੇਂਦਰ, ਸ਼ੁੱਕਰ ''ਤੇ ਭੇਜੇਗਾ ਮਿਸ਼ਨ

06/13/2019 5:30:41 PM

ਨਵੀਂ ਦਿੱਲੀ— ਭਾਰਤ ਨੇ 2-3 ਸਾਲਾਂ 'ਚ ਸ਼ੁੱਕਰ 'ਤੇ ਮਿਸ਼ਨ ਭੇਜਣ ਅਤੇ ਅਗਲੇ ਇਕ ਦਹਾਕੇ 'ਚ ਆਪਣਾ ਪੁਲਾੜ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਪੁਲਾੜ ਵਿਗਿਆਨ ਦੇ ਖੇਤਰ 'ਚ ਦੇਸ਼ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਪ੍ਰਧਾਨ ਡਾ. ਕੇ. ਸੀਵਾਨ ਨੇ ਕਿਹਾ,''ਅਸੀਂ ਆਪਣਾ ਖੁਦ ਦਾ ਪੁਲਾੜ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਾਂ।'' ਇਸ ਸੰਬੰਧ 'ਚ ਅੱਗੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਪੁਲਾੜ ਕੇਂਦਰ ਨਹੀਂ ਹੋਵੇਗਾ। ਇਹ 20 ਟਨ ਭਾਰ ਦਾ ਛੋਟਾ ਪੁਲਾੜ ਕੇਂਦਰ ਹੋਵੇਗਾ। ਡਾ. ਸੀਵਾਨ ਨੇ ਕਿਹਾ,''ਸਾਡਾ ਮਕਸਦ ਉੱਥੇ ਸਥਾਈ ਰੂਪ ਨਾਲ ਵਿਗਿਆਨੀਆਂ ਨੂੰ ਰੱਖਣਾ ਨਹੀਂ ਹੈ। ਅਸੀਂ ਪ੍ਰਯੋਗ ਨੂੰ ਅੰਜਾਮ ਦੇਣ ਲਈ ਆਪਣਾ ਮਾਡਿਊਲ ਭੇਜਣਗੇ। ਗਗਨਯਾਨ ਮਿਸ਼ਨ ਤੋਂ ਬਾਅਦ ਅਸੀਂ ਸਰਕਾਰ ਨੂੰ ਆਪਣਾ ਪ੍ਰਸਤਾਵ ਭੇਜਣਗੇ।''

ਉਨ੍ਹਾਂ ਨੇ ਦੱਸਿਆ ਕਿ ਅਗਲੇ ਇਕ ਦਹਾਕੇ 'ਚ ਭਾਰਤ ਦਾ ਆਪਣਾ ਪੁਲਾੜ ਕੇਂਦਰ ਸਥਾਪਤ ਹੋ ਸਕਦਾ ਹੈ। ਪੁਲਾੜ ਕੇਂਦਰ ਦੀ ਲਾਗਤ ਬਾਰੇ ਪੁੱਛੇ ਜਾਣ 'ਤੇ ਇਸਰੋ ਮੁਖੀ ਨੇ ਕਿਹਾ ਕਿ ਹਾਲੇ ਉਸ ਦਾ ਆਕਲਨ ਨਹੀਂ ਕੀਤਾ ਗਿਆ ਹੈ। ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹਾਲੇ ਇਹ ਕਲਪਣਾ ਬੇਹੱਦ ਸ਼ੁਰੂਆਤੀ ਦੌਰ 'ਚ ਹਨ। ਦਸੰਬਰ 2020 'ਚ ਗਗਨਯਾਨ ਮਿਸ਼ਨ ਤੋਂ ਬਾਅਦ ਇਸ 'ਤੇ ਫੋਕਸ ਕੀਤਾ ਜਾਵੇਗਾ ਅਤੇ ਇਸ ਲਈ ਹਾਲੇ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣਾ ਸੰਭਵ ਨਹੀਂ ਹੈ। ਡਾ. ਸੀਵਾਨ ਨੇ ਦੱਸਿਆ ਕਿ ਇਸਰੋ ਅਗਲੇ 2-3 ਸਾਲ 'ਚ ਸ਼ੁੱਕਰ 'ਤੇ ਵੀ ਇਕ ਮਿਸ਼ਨ ਭੇਜੇਗਾ।

ਡਾ. ਸੀਵਾਨ ਨੇ ਕਿਹਾ ਕਿ ਭਾਰਤੀ ਪੁਲਾੜ ਪ੍ਰੋਗਰਾਮ ਦਾ ਪਹਿਲਾ ਮਕਸਦ ਆਧੁਨਿਕ ਤਕਨਾਲੋਜੀ ਨੂੰ ਦੂਰ ਦੇ ਇਲਾਕਿਆਂ ਤੱਕ ਪਹੁੰਚਾਉਣਾ ਹੈ। ਇਸ ਦਾ ਦੂਜਾ ਮਕਸਦ ਸੌਰ ਮੰਡਲ ਦੇ ਰਹੱਸਾਂ ਨੂੰ ਉਜਾਗਰ ਕਰਨਾ ਹੈ। ਇਸ 'ਚ ਗਗਨਯਾਨ ਤੋਂ ਕਾਫੀ ਮਹੱਤਵਪੂਰਨ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਨੇ ਦੱਸਿਆ ਕਿ ਹੁਣ ਇਸਰੋ ਪਹਿਲੇ ਮਕਸਦ ਤੋਂ ਦੂਜੇ ਮਕਸਦ ਵੱਲ ਕਦਮ ਵਧਾ ਰਿਹਾ ਹੈ। ਚੰਦਰਯਾਨ, ਗਗਨਯਾਨ, ਮੰਗਲਯਾਨ ਅਤੇ ਪੁਲਾੜ ਕੇਂਦਰ ਇਸੇ ਦੂਜੇ ਮਕਸਦ ਦਾ ਹਿੱਸਾ ਹਨ। ਉਨ੍ਹਾਂ ਨੇ ਕਿਹਾ ਕਿ ਸੌਰ ਮਿਸ਼ਨ ਦਾ ਲਾਂਚ ਸਾਲ 2020 ਦੀ ਪਹਿਲੀ ਛਮਾਹੀ (ਅੱਧ ਸਾਲ) 'ਚ ਕੀਤਾ ਜਾਵੇਗਾ। ਇਸ ਦਾ ਮਕਸਦ  ਸੂਰਜ ਦੇ 'ਕੋਰੋਨਾ' 'ਚ ਹੋਣ ਵਾਲੀਆਂ ਤਬਦੀਲੀਆਂ ਦਾ ਅਧਿਐਨ ਕਰਨਾ ਹੈ। ਧਰਤੀ ਦੇ ਮੌਸਮ 'ਤੇ ਸਭ ਤੋਂ ਵਧ ਪ੍ਰਭਾਵ ਕੋਰੋਨਾ 'ਚ ਲਗਾਤਾਰ ਹੋਣ ਵਾਲੀਆਂ ਤਬਦੀਲੀਆਂ ਦਾ ਹੀ ਹੁੰਦਾ ਹੈ। ਇਸਰੋ ਮੁਖੀ ਨੇ ਦੱਸਿਆ ਕਿ ਭਾਰਤ ਦਾ ਸੌਰ ਮਿਸ਼ਨ ਧਰਤੀ ਅਤੇ ਸੂਰਜ ਦਰਮਿਆਨ ਪਹਿਲਾਂ ਲਗ੍ਰਾਂਜਿਅਨ ਬਿੰਦੂ (ਐੱਲ1) ਤੱਕ ਜਾਵੇਗਾ, ਜੋ 15 ਲੱਖ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਮਿਸ਼ਨ ਨੂੰ ਉੱਥੇ ਪਹੁੰਚਣ 'ਚ ਕਰੀਬ 109 ਦਿਨ ਦਾ ਸਮਾਂ ਲੱਗੇਗਾ। ਲਗ੍ਰਾਂਜਿਅਨ ਬਿੰਦੂ 2 ਵੱਡੇ ਖਗੋਲੀ ਪਿੰਡਾਂ ਦਰਮਿਆਨ ਉਹ ਬਿੰਦੂ ਹੁੰਦਾ ਹੈ, ਜਿੱਥੇ ਕੋਈ ਛੋਟੀ ਵਸਤੂ ਉਸੇ ਸਥਿਤੀ 'ਚ ਬਣੀ ਰਹਿ ਸਕਦੀ ਹੈ।


DIsha

Content Editor

Related News