ਭਾਰਤ ਨੇ ਪਾਕਿਸਤਾਨ ਦੇ ਰਸਤਿਓਂ ਅਫ਼ਗਾਨਿਸਤਾਨ ਨੂੰ ਭੇਜੀ 2,000 ਟਨ ਕਣਕ ਦੀ ਚੌਥੀ ਖੇਪ

03/16/2022 6:27:32 PM

ਨਵੀਂ ਦਿੱਲੀ (ਭਾਸ਼ਾ)– ਭਾਰਤ ਨੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮਨੁੱਖੀ ਮਦਦ ਤਹਿਤ ਪਾਕਿਸਤਾਨ ਦੇ ਰਸਤਿਓਂ  ਤੋਂ 2,000 ਟਨ ਕਣਕ ਦੇ ਚੌਥੀ ਖੇਪ ਭੇਜੀ ਹੈ। ਭਾਰਤ ਨੇ 2500 ਟਨ ਕਣਕ ਦੀ ਪਹਿਲੀ ਖੇਪ 22 ਫਰਵਰੀ ਨੂੰ ਪਾਕਿਸਤਾਨ ਦੇ ਰਸਤਿਓਂ ਅਫ਼ਗਾਨਿਸਤਾਨ ਨੂੰ ਭੇਜੀ ਸੀ ਅਤੇ ਉਹ 26 ਫਰਵਰੀ ਨੂੰ ਅਫ਼ਗਾਨ ਸ਼ਹਿਰ ਜਲਾਲਾਬਾਦ ਪਹੁੰਚੀ। ਇਸ ਖੇਪ ਨੂੰ 50 ਟਰੱਕਾਂ ’ਚ ਢੋਇਆ ਗਿਆ ਸੀ।

PunjabKesari

 

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਹੁਣ ਤੱਕ ਮਨੁੱਖੀ ਮਦਦ ਤਹਿਤ ਅਫ਼ਗਾਨਿਸਤਾਨ ਨੂੰ 8,000 ਟਨ ਕਣਕ ਭੇਜੀ ਹੈ। ਉਨ੍ਹਾਂ ਨੇ ਟਵੀਟ ਕੀਤਾ, ‘‘ਸਾਡੀ ਸਾਂਝੇਦਾਰੀ ਜਾਰੀ ਹੈ। 2,000 ਟਨ ਕਣਕ ਦੀ ਮਨੁੱਖੀ ਮਦਦ ਦਾ ਚੌਥਾ ਕਾਫ਼ਿਲਾ ਮੰਗਲਵਾਰ ਅਫ਼ਗਾਨਿਸਤਾਨ ਭੇਜਿਆ ਗਿਆ। ਅੱਜ ਤਕ ਕੁੱਲ 8,000 ਟਨ ਕਣਕ ਭੇਜੀ ਗਈ ਹੈ।’’

ਦੱਸ ਦੇਈਏ ਕਿ ਭਾਰਤ ਨੇ 7 ਅਕਤੂਬਰ ਨੂੰ ਪਾਕਿਸਤਾਨ ਨੂੰ ਇਕ ਪ੍ਰਸਤਾਵ ਭੇਜਿਆ ਸੀ, ਜਿਸ ’ਚ ਪਾਕਿਸਤਾਨ ਦੇ ਰਸਤਿਓਂ ਅਫ਼ਗਾਨਿਸਤਾਨ ਦੇ ਲੋਕਾਂ ਨੂੰ 50,000 ਟਨ ਕਣਕ ਭੇਜਣ ਲਈ ਆਵਾਜਾਈ ਦੀ ਸਹੂਲਤ ਦੀ ਮੰਗ ਕੀਤੀ ਗਈ ਸੀ ਅਤੇ 24 ਨਵੰਬਰ ਨੂੰ ਪਾਕਿਸਤਾਨ ਤੋਂ ਸਕਾਰਾਤਮਕ ਪ੍ਰਤੀਕਿਰਿਆ ਮਿਲੀ। ਪਾਕਿਸਤਾਨੀ ਪ੍ਰਤੀਕਿਰਿਆ ਤੋਂ ਬਾਅਦ ਦੋਵੇਂ ਪੱਖ ਨਿਰਯਾਤ ਖੇਪ ਦੇ ਟਰਾਂਸਪੋਰਟ ਦੇ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣ ਲਈ ਸੰਪਰਕ ’ਚ ਸਨ।
ਭਾਰਤ ਨੇ 12 ਫਰਵਰੀ ਨੂੰ ਅਫ਼ਗਾਨਿਸਤਾਨ ’ਚ ਕਣਕ ਦੀ ਵੰਡ ਲਈ ਵਿਸ਼ਵ ਖ਼ੁਰਾਕ ਪ੍ਰੋਗਰਾਮ ਨਾਲ ਇਕ ਸਮਝੌਤਾ ‘ਮੰਗ ਪੱਤਰ’ ’ਤੇ ਦਸਤਖ਼ਤ ਕੀਤੇ ਸਨ। ਦੱਸਣਯੋਗ ਹੈ ਕਿ ਭਾਰਤ ਪਹਿਲਾਂ ਹੀ ਅਫ਼ਗਾਨਿਸਤਾਨ ਨੂੰ ਕੋਵੈਕਸੀਨ ਟੀਕਿਆਂ ਦੀਆਂ 5,00,000 ਖ਼ੁਰਾਕਾਂ ਅਤੇ 13 ਟਨ ਜ਼ਰੂਰੀ ਜੀਵਨ ਰੱਖਿਅਕ ਦਵਾਈਆਂ ਦੀ ਸਪਲਾਈ ਕਰ ਚੁੱਕਾ ਹੈ।


Tanu

Content Editor

Related News