ਭਾਰਤ ਦੀ ਆਬਾਦੀ ਬਹੁਤ ਵੱਡੀ, ਸਭ ਬਾਲਗਾਂ ਲਈ ਲੋੜੀਂਦੇ ਟੀਕੇ ਬਣਾਉਣਾ ਸੌਖਾ ਨਹੀਂ : ਪੂਨਾਵਾਲਾ

Tuesday, May 04, 2021 - 05:05 AM (IST)

ਭਾਰਤ ਦੀ ਆਬਾਦੀ ਬਹੁਤ ਵੱਡੀ, ਸਭ ਬਾਲਗਾਂ ਲਈ ਲੋੜੀਂਦੇ ਟੀਕੇ ਬਣਾਉਣਾ ਸੌਖਾ ਨਹੀਂ : ਪੂਨਾਵਾਲਾ

ਨਵੀਂ ਦਿੱਲੀ : ਕੋਵਿਡ ਟੀਕਾ ਕੋਵਿਸ਼ੀਲਡ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ. ਆਈ. ਆਈ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਜੋ ਇਸ ਸਮੇਂ ਲੰਡਨ ਵਿਚ ਮੌਜੂਦ ਹਨ, ਨੇ ਆਪਣੇ ਪਹਿਲਾਂ ਦੇ ਬਿਆਨ ਸਬੰਧੀ ਸੋਸ਼ਲ ਮੀਡੀਆ ਮੰਚ ਟਵਿਟਰ ’ਤੇ ਲਿਖਿਆ,‘‘ਮੈਂ ਕੁਝ ਚੀਜ਼ਾਂ ਨੂੰ ਸਪਸ਼ਟ ਕਰਨਾ ਚਾਹਾਂਗਾ ਕਿਉਂਕਿ ਮੇਰੇ ਬਿਆਨ ਨੂੰ ਗਲਤ ਢੰਗ ਨਾਲ ਲਿਆ ਗਿਆ ਹੈ। ਸਭ ਤੋਂ ਪਹਿਲਾਂ ਟੀਕਾ ਬਣਾਉਣਾ ਇਕ ਖਾਸ ਪ੍ਰਕਿਰਿਆ ਹੈ। ਇਸ ਸਬੰਧੀ ਰਾਤੋ-ਰਾਤ ਉਤਪਾਦਨ ਕਰਨਾ ਸੰਭਵ ਨਹੀਂ ਹੈ। ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਭਾਰਤ ਦੀ ਆਬਾਦੀ ਬਹੁਤ ਵੱਧ ਹੈ। ਅਜਿਹੀ ਹਾਲਤ ਵਿਚ ਸਭ ਬਾਲਗਾਂ ਲਈ ਲੋੜੀਂਦਾ ਟੀਕਾ ਤਿਆਰ ਕਰਨਾ ਕੋਈ ਸੌਖਾ ਕੰਮ ਨਹੀਂ। ਇੱਥੋਂ ਤਕ ਕਿ ਵਿਕਸਤ ਦੇਸ਼ ਤੇ ਕੰਪਨੀਆਂ ਵੀ ਉਤਪਾਦਨ ਵਧਾਉਣ ਲਈ ਪਰੇਸ਼ਾਨ ਹਨ। ਹਾਲਾਂਕਿ ਉਨ੍ਹਾਂ ਦੇਸ਼ਾਂ ਦੀ ਆਬਾਦੀ ਭਾਰਤ ਦੇ ਮੁਕਾਬਲੇ ਬਹੁਤ ਘੱਟ ਹੈ।

ਇਹ ਵੀ ਪੜ੍ਹੋ-  'ਕੋਰੋਨਾ 'ਚ ਬਿਨਾਂ ਵਜ੍ਹਾ CT ਸਕੈਨ ਕਰਵਾਉਣ ਨਾਲ ਵੱਧਦੈ ਕੈਂਸਰ ਦਾ ਖ਼ਤਰਾ'

ਪੂਨਾਵਾਲਾ ਨੇ ਕਿਹਾ ਕਿ ਪੁਣੇ ਦੀ ਕੰਪਨੀ ਪਿਛਲੇ ਸਾਲ ਅਪ੍ਰੈਲ ਤੋਂ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਸਾਨੂੰ ਹਰ ਤਰ੍ਹਾਂ ਦੀ ਹਮਾਇਤ ਮਿਲੀ ਹੈ, ਭਾਵੇਂ ਉਹ ਵਿਗਿਆਨਕ ਹੋਵੇ, ਰੈਗੂੂੂਲੇਟਰੀ ਹੋਵੇ ਜਾਂ ਫਿਰ ਵਿੱਤੀ। ਇਸ ਸਮੇਂ ਦੀ ਸਥਿਤੀ ਮੁਤਾਬਕ ਸਾਨੂੰ ਖੁਰਾਕ ਦੇ 26 ਕਰੋੜ ਆਰਡਰ ਮਿਲੇ ਹਨ। ਇਸ ਵਿਚੋਂ ਅਸੀਂ 15 ਕਰੋੜ ਤੋਂ ਵੱਧ ਖੁਰਾਕਾਂ ਦੀ ਸਪਲਾਈ ਕਰ ਚੁੱਕੇ ਹਾਂ। ਸਾਨੂੰ ਭਾਰਤ ਸਰਕਾਰ ਤੋਂ ਅਗਲੇ ਕੁਝ ਮਹੀਨਿਆਂ ਵਿਚ 11 ਕਰੋੜ ਖੁਰਾਕਾਂ ਲਈ 100 ਫੀਸਦੀ ਭੁਗਤਾਨ ਭਾਵ 1725.5 ਕਰੋੜ ਰੁਪਏ ਪਹਿਲਾਂ ਹੀ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਅਗਲੇ ਕੁਝ ਮਹੀਨਿਆਂ ਵਿਚ 11 ਕਰੋੜ ਖੁਰਾਕਾਂ ਸੂਬਿਆਂ ਤੇ ਨਿੱਜੀ ਹਸਪਤਾਲਾਂ ਲਈ ਸਪਲਾਈ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ- ਕੋਰੋਨਾ ਨੇ ਤਬਾਹ ਕੀਤਾ ਪਰਿਵਾਰ, 18 ਦਿਨਾਂ 'ਚ ਪੰਜ ਲੋਕਾਂ ਦੀ ਮੌਤ

ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਹਰ ਕੋਈ ਤੁਰੰਤ ਹੀ ਟੀਕੇ ਨੂੰ ਚਾਹੁੰਦਾ ਹੈ। ਸਾਡਾ ਯਤਨ ਵੀ ਇਹੀ ਹੈ ਅਤੇ ਅਸੀਂ ਇਸ ਨੂੰ ਹਾਸਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਹੋਰ ਔਖੀ ਮਿਹਨਤ ਕਰਾਂਗੇ ਅਤੇ ਭਾਰਤ ਨੂੰ ਹੋਰ ਮਜ਼ਬੂਤ ਬਣਾਵਾਂਗੇ।

ਇਹ ਵੀ ਪੜ੍ਹੋ-  ਦੋ ਮਹੀਨੇ ਦੇ ਮ੍ਰਿਤਕ ਬੱਚੇ ਨੂੰ ਹਸਪਤਾਲ 'ਚ ਛੱਡ ਗਏ ਮਾਂ-ਬਾਪ, ਕੋਰੋਨਾ ਪਾਜ਼ੇਟਿਵ ਸੀ ਰਿਪੋਰਟ

ਮਈ, ਜੂਨ ਤੇ ਜੁਲਾਈ ਵਿਚ ਕੋਵਿਸ਼ੀਲਡ ਤੇ ਕੋਵੈਕਸੀਨ ਨੂੰ 16 ਕਰੋੜ ਟੀਕਿਆਂ ਦਾ ਪੂਰਾ ਪੇਸ਼ਗੀ ਭੁਗਤਾਨ : ਸਰਕਾਰ
ਕੇਂਦਰੀ ਸਿਹਤ ਮੰਤਰਾਲਾ ਨੇ ਸੋਮਵਾਰ ਮੀਡੀਆ ’ਚ ਆਈਆਂ ਉਨ੍ਹਾਂ ਖਬਰਾਂ ਨੂੰ ਗਲਤ ਤੇ ਬੇਬੁਨਿਆਦ ਕਰਾਰ ਦਿੱਤਾ, ਜਿਨ੍ਹਾਂ ਵਿਚ ਦੋਸ਼ ਲਾਇਆ ਗਿਆ ਹੈ ਕਿ ਕੇਂਦਰ ਨੇ ਕੋਵਿਡ-ਰੋਕੂ ਟੀਕਿਆਂ ਲਈ ਕੋਈ ਨਵਾਂ ਆਰਡਰ ਨਹੀਂ ਦਿੱਤਾ ਅਤੇ ਕਿਹਾ ਕਿ ਮਈ, ਜੂਨ ਤੇ ਜੁਲਾਈ ਦੌਰਾਨ ਕੋਵਿਸ਼ੀਲਡ ਦੇ ਟੀਕਿਆਂ ਦੀਆਂ 11 ਕਰੋੜ ਖੁਰਾਕਾਂ ਪ੍ਰਾਪਤ ਕਰਨ ਲਈ ਸੀਰਮ ਇੰਸਟੀਚਿਊਟ ਨੂੰ 28 ਅਪ੍ਰੈਲ ਨੂੰ 1732.50 ਕਰੋੜ ਰੁਪਏ ਦੀ 100 ਫੀਸਦੀ ਪੇਸ਼ਗੀ ਰਕਮ ਜਾਰੀ ਕੀਤੀ ਗਈ। ਟੀ. ਡੀ. ਐੱਸ. ਕੱਟਣ ਤੋਂ ਬਾਅਦ ਇਹ ਰਕਮ 1699.50 ਕਰੋੜ ਰੁਪਏ ਹੋਈ। ਅੱਜ ਤਕ ਦੇ ਅੰਕੜਿਆਂ ਮੁਤਾਬਕ ਕੋਵਿਸ਼ੀਲਡ ਟੀਕੇ ਦੀਆਂ 10 ਕਰੋੜ ਖੁਰਾਕਾਂ ਲਈ ਪਿਛਲੇ ਆਰਡਰ ਦੀ ਲੜੀ ’ਚ 8.744 ਕਰੋੜ ਖੁਰਾਕਾਂ 3 ਮਈ ਤਕ ਪ੍ਰਾਪਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਮਈ, ਜੂਨ ਤੇ ਜੁਲਾਈ ਦੌਰਾਨ ਕੋਵੈਕਸੀਨ ਟੀਕੇ ਦੀਆਂ 5 ਕਰੋੜ ਖੁਰਾਕਾਂ ਲਈ ਭਾਰਤ ਬਾਇਓਟੈੱਕ ਨੂੰ 28 ਅਪ੍ਰੈਲ ਨੂੰ 787.50 ਕਰੋੜ ਰੁਪਏ (ਟੀ. ਡੀ. ਐੱਸ. ਕੱਟਣ ਤੋਂ ਬਾਅਦ 772.50 ਕਰੋੜ ਰੁਪਏ) ਦੀ 100 ਫੀਸਦੀ ਪੇਸ਼ਗੀ ਰਕਮ ਜਾਰੀ ਕੀਤੀ ਗਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News