ਭਾਰਤ ਦੀ ਪਹਿਲੀ 'ਇੰਜਣ-ਰਹਿਤ' ਟਰੇਨ ਤਿਆਰ, 29 ਅਕਤੂਬਰ ਨੂੰ ਹੋਵੇਗਾ ਪਰੀਖਣ
Wednesday, Oct 24, 2018 - 04:38 PM (IST)

ਚੇਨਈ (ਭਾਸ਼ਾ)— ਭਾਰਤੀ ਰੇਲਵੇ ਦੀ 30 ਸਾਲ ਪੁਰਾਣੀ ਸ਼ਤਾਬਦੀ ਐਕਸਪ੍ਰੈੱਸ ਦੀ ਥਾਂ ਲੈਣ ਵਾਲੀ 'ਟਰੇਨ 18' ਆਉਣ ਵਾਲੀ 29 ਅਕਤੂਬਰ ਨੂੰ ਪਟੜੀ 'ਤੇ ਪਰੀਖਣ ਲਈ ਉਤਰੇਗੀ। ਇਹ ਦੇਸ਼ ਦੀ ਪਹਿਲੀ 'ਇੰਜਣ-ਰਹਿਤ' ਯਾਨੀ ਕਿ ਬਿਨਾਂ ਇੰਜਣ ਦੀ ਟਰੇਨ ਹੋਵੇਗੀ। ਇਹ ਟਰੇਨ 'ਸੇਲਫ ਪ੍ਰਪਲਸ਼ਨ ਮੋਡਿਊਲ' 'ਤੇ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤਕ ਦੌੜ ਸਕਦੀ ਹੈ। ਇਸ ਦੀ ਤਕਨੀਕੀ ਵਿਸ਼ੇਸ਼ਤਾਵਾਂ ਕਾਰਨ ਇਸ ਦੀ ਰਫਤਾਰ ਆਮ ਟਰੇਨ ਤੋਂ ਵੱਧ ਹੋਵੇਗੀ। ਕੁੱਲ 16 ਕੋਚ ਵਾਲੀ ਇਹ ਟਰੇਨ ਆਮ ਸ਼ਤਾਬਦੀ ਟਰੇਨ ਦੇ ਮੁਕਾਬਲੇ ਘੱਟ ਸਮਾਂ ਲਵੇਗੀ। ਇਸ ਟਰੇਨ ਨੂੰ ਸ਼ਹਿਰ ਵਿਚ ਸਥਿਤ ਇੰਟੀਗ੍ਰਲ ਕੋਚ ਫੈਕਟਰੀ ਵਲੋਂ 18 ਮਹੀਨੇ ਵਿਚ ਬਣਾਇਆ ਗਿਆ ਹੈ।
ਫੈਕਟਰੀ ਦੇ ਜਰਨਲ ਮੈਨੇਜਰ ਸੁਧਾਂਸ਼ੂ ਮਣੀ ਨੇ ਦੱਸਿਆ ਕਿ ਇਸ ਟਰੇਨ ਨੂੰ ਬਣਾਉਣ ਲਈ 100 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਬਾਅਦ ਵਿਚ ਇਸ ਦੇ ਉਤਪਾਦਨ ਦੀ ਲਾਗਤ ਘੱਟ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਦੀ ਘੁੰਡ ਚੁਕਾਈ 29 ਅਕਤੂਬਰ ਨੂੰ ਕੀਤੀ ਜਾਵੇਗੀ। ਇਸ ਤੋਂ ਬਾਅਦ 3 ਜਾਂ 4 ਦਿਨ ਫੈਕਟਰੀ ਦੇ ਬਾਹਰ ਇਸ ਦਾ ਪਰੀਖਣ ਕੀਤਾ ਜਾਵੇਗਾ ਅਤੇ ਬਾਅਦ ਵਿਚ ਇਸ ਨੂੰ ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗੇਨਾਈਜੇਸ਼ਨ ਨੂੰ ਅੱਗੇ ਦੇ ਪਰੀਖਣ ਲਈ ਸੌਂਪ ਦਿੱਤਾ ਜਾਵੇਗਾ।
ਟਰੇਨ ਦੀ ਖਾਸੀਅਤ—
ਇਸ ਟਰੇਨ ਦੇ ਮੱਧ ਵਿਚ ਦੋ ਐਕਜੀਕਿਊਟਿਵ ਕੰਪਾਰਟਮੈਂਟਸ ਹੋਣਗੇ, ਹਰੇਕ 'ਚ 52 ਸੀਟਾਂ ਹੋਣਗੀਆਂ। ਆਮ ਕੋਚ ਵਿਚ 78 ਸੀਟਾਂ ਹੋਣਗੀਆਂ। ਸ਼ਤਾਬਦੀ ਦੀ ਰਫਤਾਰ 130 ਕਿਲੋਮੀਟਰ ਪ੍ਰਤੀ ਘੰਟਾ ਹੈ, ਜਦਕਿ ਇਹ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪਟੜੀ 'ਤੇ ਦੌੜ ਸਕੇਗੀ। ਜੇਕਰ 'ਟਰੇਨ 18' ਦੀ ਰਫਤਾਰ ਮੁਤਾਬਕ ਪਟੜੀ ਬਣਾ ਲਈ ਜਾਵੇ ਤਾਂ ਇਹ ਸ਼ਤਾਬਦੀ ਐਕਸਪ੍ਰੈੱਸ ਦੇ ਮੁਕਾਬਲੇ 15 ਫੀਸਦੀ ਘੱਟ ਸਮਾਂ ਲਵੇਗੀ। ਇਸ ਟਰੇਨ ਵਿਚ ਜੀ. ਪੀ. ਐੱਸ. ਆਧਾਰਿਤ ਯਾਤਰੀ ਸੂਚਨਾ ਪ੍ਰਣਾਲੀ ਤੋਂ ਇਲਾਵਾ ਲਾਈਟਸ, ਆਟੋਮੈਟਿਕ ਦਰਵਾਜ਼ੇ ਅਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣਗੇ। ਇੱਥੇ ਦੱਸ ਦੇਈਏ ਕਿ ਸ਼ਤਾਬਦੀ ਟਰੇਨ ਨੂੰ 1988 'ਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਸਮੇਂ ਇਹ ਦੇਸ਼ ਦੇ ਮੈਟਰੋ ਸ਼ਹਿਰਾਂ ਨੂੰ ਹੋਰ ਮੁੱਖ ਨਗਰਾਂ ਨਾਲ ਜੋੜਨ ਵਾਲੇ 20 ਤੋਂ ਵਧ ਰੇਲ ਮਾਰਗਾਂ 'ਤੇ ਸੰਚਾਲਿਤ ਹੋ ਰਹੀ ਹੈ।