ਟਰੰਪ ਦੀ ਟੈਰਿਫ਼ ਨੀਤੀ ਦੇ ਬਾਵਜੂਦ ਅਮਰੀਕਾ ਨੂੰ ਭਾਰਤੀ ਇੰਜੀਨੀਅਰਿੰਗ ਉਤਪਾਦਾਂ ਦਾ ਨਿਰਯਾਤ ਵਧਿਆ
Thursday, Mar 06, 2025 - 12:59 PM (IST)

ਨਵੀਂ ਦਿੱਲੀ- ਇਕ ਪਾਸੇ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਸਮੇਤ ਬਾਕੀ ਦੇਸ਼ਾਂ 'ਤੇ ਰੈਸੀਪਰੋਕਲ ਟੈਰਿਫ਼ ਲਗਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਭਾਰਤ ਤੋਂ ਅਮਰੀਕਾ ਨੂੰ ਕੀਤੇ ਜਾਣ ਵਾਲੇ ਇਜੀਨੀਅਰਿੰਗ ਉਤਪਾਦਨ ਨਿਰਯਾਤ 'ਚ ਜਨਵਰੀ 2025 ਨੂੰ ਸਾਲਾਨਾ ਆਧਾਰ 'ਤੇ 18 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਸ ਨਾਲ ਇਹ ਅੰਕੜਾ ਵਧ ਕੇ 1.62 ਅਰਬ ਡਾਲਰ ਤਕ ਪਹੁੰਚ ਗਿਆ ਹੈ, ਜਦਕਿ ਦੇਸ਼ ਦੇ ਕੁੱਲ ਇੰਜੀਨਿਅਰਿੰਗ ਨਿਰਯਾਤ 'ਚ ਕੁੱਲ 7.44 ਫ਼ੀਸਦੀ ਦਾ ਵਾਧਾ ਹੋਇਆ ਹੈ।
ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ (EEPC) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਜਨਵਰੀ ਦੀ ਮਿਆਦ ਵਿੱਚ ਅਮਰੀਕਾ ਨੂੰ ਇੰਜੀਨੀਅਰਿੰਗ ਨਿਰਯਾਤ ਲਗਭਗ 9 ਫ਼ੀਸਦੀ ਵਧ ਕੇ 15.60 ਅਰਬ ਡਾਲਰ ਹੋ ਗਿਆ, ਜੋ ਪਿਛਲੇ ਸਾਲ 14.38 ਅਰਬ ਡਾਲਰ ਸੀ। ਉੱਥੇ ਹੀ ਜਨਵਰੀ 'ਚ ਯੂ.ਏ.ਈ. ਨੂੰ ਹੋਇਆ ਨਿਰਯਾਤ 56 ਫ਼ੀਸਦੀ ਵਧ ਕੇ 61 ਕਰੋੜ ਡਾਲਰ, ਜਦਕਿ ਅਪ੍ਰੈਲ-ਜਨਵਰੀ 'ਚ ਇਹ ਅੰਕੜਾ 45 ਫ਼ੀਸਦੀ ਵਧ ਕੇ 6.87 ਅਰਬ ਡਾਲਰ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ- Nokia ਨੇ PLI ਯੋਜਨਾ ਦਾ ਲਿਆ ਭਰਪੂਰ ਲਾਭ, ਭਾਰਤ 'ਚ ਤਿਆਰ 70 ਫ਼ੀਸਦੀ ਉਤਪਾਦਨ ਕੀਤਾ ਨਿਰਯਾਤ
ਇਸ ਤੋਂ ਇਲਾਵਾ ਜਰਮਨੀ, ਮੈਕਸੀਕੋ, ਤੁਰਕੀ, ਦੱਖਣੀ ਅਫਰੀਕਾ, ਫਰਾਂਸ, ਜਾਪਾਨ, ਨੇਪਾਲ ਅਤੇ ਬੰਗਲਾਦੇਸ਼ ਨੂੰ ਵੀ ਭਾਰਤੀ ਇੰਜੀਨੀਅਰਿੰਗ ਉਤਪਾਦਾਂ ਦੇ ਨਿਰਯਾਤ 'ਚ ਵਾਧਾ ਦੇਖਿਆ ਗਿਆ ਹੈ, ਜਦਕਿ ਯੂ.ਕੇ., ਸਾਊਦੀ ਅਰਬ, ਮਲੇਸ਼ੀਆ, ਚੀਨ, ਇਟਲੀ ਅਤੇ ਸਪੇਨ ਨੂੰ ਕੀਤੇ ਗਏ ਨਿਰਯਾਤ ਵਿੱਚ ਗਿਰਾਵਟ ਆਈ ਹੈ।
ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਨੇ ਜਾਣਕਾਰੀ ਦਿੰਦੇ ਹਏ ਕਿਹਾ ਕਿ ਕਈ ਦੇਸ਼ਾਂ ਵਿਚਕਾਰ ਤਣਾਅ ਅਤੇ ਵਧਦੇ ਵਪਾਰ ਸੁਰੱਖਿਆਵਾਦ ਦੇ ਬਾਵਜੂਦ ਭਾਰਤ ਦੇ ਇੰਜੀਨੀਅਰਿੰਗ ਨਿਰਯਾਤ ਵਿੱਚ ਲਗਾਤਾਰ 9ਵੇਂ ਮਹੀਨੇ ਵਾਧਾ ਬਰਕਰਾਰ ਰਿਹਾ ਹੈ। ਹਾਲਾਂਕਿ, ਜਨਵਰੀ ਵਿੱਚ ਵਿਕਾਸ ਦਰ ਦਸੰਬਰ ਵਿੱਚ 8.32 ਫ਼ੀਸਦੀ ਤੋਂ ਘਟ ਕੇ 7.44 ਫ਼ੀਸਦੀ ਰਹਿ ਗਈ। ਜਨਵਰੀ ਵਿੱਚ ਕੁੱਲ ਇੰਜੀਨੀਅਰਿੰਗ ਨਿਰਯਾਤ 9.42 ਬਿਲੀਅਨ ਡਾਲਰ ਰਿਹਾ, ਜੋ ਕਿ ਇੱਕ ਸਾਲ ਪਹਿਲਾਂ 8.77 ਬਿਲੀਅਨ ਡਾਲਰ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e