ਭਾਰਤ ਦਾ ਬਾਰਡਰ ਸੀਲ ! ਬੀਰਗੰਜ ''ਚ ਲੱਗ ਗਿਆ ਕਰਫਿਊ ; ਦੇਖਦੇ ਹੀ ਗੋਲ਼ੀ ਮਾਰਨ ਦੇ ਹੁਕਮ ਜਾਰੀ
Tuesday, Jan 06, 2026 - 03:28 PM (IST)
ਇੰਟਰਨੈਸ਼ਨਲ ਡੈਸਕ- ਨੇਪਾਲ ਦੇ ਬੀਰਗੰਜ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇੱਕ ਸੋਸ਼ਲ ਮੀਡੀਆ ਵੀਡੀਓ ਕਾਰਨ ਪੈਦਾ ਹੋਏ ਧਾਰਮਿਕ ਤਣਾਅ ਤੋਂ ਬਾਅਦ ਹਾਲਾਤ ਨਾਜ਼ੁਕ ਬਣੇ ਹੋਏ ਹਨ। ਇਹ ਤਣਾਅ ਧਨੁਸ਼ਾ ਜ਼ਿਲ੍ਹੇ ਦੇ ਕਮਲਾ ਨਗਰਪਾਲਿਕਾ ਵਿੱਚ ਦੋ ਮੁਸਲਿਮ ਨੌਜਵਾਨਾਂ, ਹੈਦਰ ਅੰਸਾਰੀ ਅਤੇ ਅਮਾਨਤ ਅੰਸਾਰੀ ਵੱਲੋਂ ਟਿਕਟੋਕ 'ਤੇ ਪਾਈ ਗਈ ਇੱਕ ਵੀਡੀਓ ਤੋਂ ਸ਼ੁਰੂ ਹੋਇਆ। ਇਸ ਵੀਡੀਓ ਵਿੱਚ ਕਥਿਤ ਤੌਰ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਟਿੱਪਣੀਆਂ ਸਨ, ਜਿਸ ਕਾਰਨ ਹਿੰਦੂ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਪ੍ਰਦਰਸ਼ਨਾਂ ਦੌਰਾਨ ਸਥਿਤੀ ਹਿੰਸਕ ਹੋ ਗਈ, ਜਿਸ ਮਗਰੋਂ ਇੱਕ ਮਸਜਿਦ ਦੀ ਭੰਨਤੋੜ ਕੀਤੀ ਗਈ ਅਤੇ ਪੁਲਸ ਸਟੇਸ਼ਨ 'ਤੇ ਪਥਰਾਅ ਕੀਤਾ ਗਿਆ। ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਵੀ ਛੱਡੇ। ਪਰਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਬੀਰਗੰਜ ਵਿੱਚ ਕਰਫਿਊ ਲਗਾਇਆ ਹੈ, ਜਿਸ ਨੂੰ ਮੰਗਲਵਾਰ ਸ਼ਾਮ 6 ਵਜੇ ਤੱਕ ਵਧਾ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਕਰਫਿਊ ਦੌਰਾਨ 'ਦੇਖਦੇ ਹੀ ਗੋਲੀ ਮਾਰਨ'ਦੇ ਹੁਕਮ ਦਿੱਤੇ ਗਏ ਹਨ। ਕਰਫਿਊ ਬੀਰਗੰਜ ਦੇ ਚਾਰ ਮੁੱਖ ਹਿੱਸਿਆਂ- ਬੱਸ ਪਾਰਕ, ਨਗਵਾ, ਇਨਰਵਾ, ਸਿਰਸੀਆ ਨਦੀ, ਗੰਡਕ ਚੌਕ ਅਤੇ ਸ਼ੰਕਰਾਚਾਰੀਆ ਗੇਟ ਦੇ ਅੰਦਰ ਲਾਗੂ ਹੈ।
ਇਸ ਤਣਾਅ ਦੇ ਮੱਦੇਨਜ਼ਰ ਭਾਰਤ ਨੇ ਨੇਪਾਲ ਨਾਲ ਲੱਗਦੀ ਆਪਣੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਸਸ਼ਸਤਰ ਸੀਮਾ ਬਲ ਵੱਲੋਂ ਮੈਤਰੀ ਪੁਲ ਅਤੇ ਹੋਰ ਸਰਹੱਦੀ ਇਲਾਕਿਆਂ ਵਿੱਚ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਡੌਗ ਸਕੁਐਡ ਵੀ ਤਾਇਨਾਤ ਕੀਤੇ ਗਏ ਹਨ। ਨੇਪਾਲ ਵਿੱਚ ਮੌਜੂਦ ਕਈ ਭਾਰਤੀ ਪ੍ਰਵਾਸੀ ਮਜ਼ਦੂਰ ਹਾਲਾਤ ਵਿਗੜਨ ਕਾਰਨ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਸ ਕਰਫਿਊ ਦੌਰਾਨ ਪ੍ਰਸ਼ਾਸਨ ਨੇ ਸਿਰਫ਼ ਐਂਬੂਲੈਂਸਾਂ, ਸਿਹਤ ਕਰਮਚਾਰੀਆਂ, ਮੀਡੀਆ ਅਤੇ ਹਵਾਈ ਯਾਤਰੀਆਂ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਹੀ ਆਉਣ-ਜਾਣ ਦੀ ਛੋਟ ਦਿੱਤੀ ਹੈ।
ਇਹ ਵੀ ਪੜ੍ਹੋ- ਚੋਰ ਨੂੰ ਕੰਧ ਨੇ ਪਾ ਲਈ 'ਜੱਫੀ' !, ਮੁਸੀਬਤ 'ਚ ਫਸੀ ਜਾਨ, ਛੁਡਾਉਣ ਆਈ ਪੁਲਸ ਦੇ ਵੀ ਛੁੱਟੇ ਪਸੀਨੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
