ਭਾਰਤ ’ਚ ਕੋਰੋਨਾ ਦੀ ਮੱਠੀ ਹੋਈ ਰਫ਼ਤਾਰ, 111 ਦਿਨਾਂ ’ਚ ਆਏ 34,703 ਮਾਮਲੇ
Tuesday, Jul 06, 2021 - 12:07 PM (IST)
ਨਵੀਂ ਦਿੱਲੀ (ਭਾਸ਼ਾ)— ਦੇਸ਼ ’ਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ 34,703 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਇਸ ਬੀਮਾਰੀ ਦੀ ਲਪੇਟ ’ਚ ਆਏ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 3,06,19,932 ਹੋ ਗਈ ਹੈ, ਜਦਕਿ 553 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ ਵੱਧ ਕੇ 4,03,281 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਹੋਰ ਘਟ ਕੇ 4,64,357 ਹੋ ਗਈ ਹੈ ਅਤੇ ਇਹ ਕੁੱਲ ਵਾਇਰਸ ਦਾ 1.52 ਫ਼ੀਸਦੀ ਹੈ। ਜਦਕਿ ਕੋਰੋਨਾ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਰਾਸ਼ਟਰੀ ਦਰ ਸੁਧਰ ਕੇ 97.17 ਫ਼ੀਸਦੀ ਹੋ ਗਈ ਹੈ। ਨਾਲ ਹੀ ਬੀਮਾਰੀ ਤੋਂ ਠੀਕ ਹੋਏ ਲੋਕਾਂ ਦੀ ਗਿਣਤੀ ਵੱਧ ਕੇ 2,97,52,294 ਹੋ ਗਈ ਹੈ।
ਮੰਤਰਾਲਾ ਨੇ ਦੱਸਿਆ ਕਿ 24 ਘੰਟਿਆਂ ’ਚ ਇਲਾਜ ਅਧੀਨ ਮਾਮਲਿਆਂ ਦੀ ਗਿਣਤੀ 17,714 ਘਟੀ ਹੈ। ਅੰਕੜਿਆਂ ਮੁਤਾਬਕ ਸੋਮਵਾਰ ਨੂੰ ਕੋਰੋਨਾ ਵਾਇਰਸ ਦਾ ਪਤਾ ਲਾਉਣ ਲਈ ਕੁੱਲ 16,47,424 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਦੇਸ਼ ਭਰ ’ਚ ਕੋਵਿਡ ਲਈ ਕੀਤੀ ਗਈ ਜਾਂਚ ਦਾ ਕੁੱਲ ਅੰਕੜਾ 42,14,24,881 ਹੋ ਗਿਆ ਹੈ। ਸਿਹਤ ਮੰਤਰਾਲਾ ਮੁਤਾਬਕ ਵਾਇਰਸ ਨਾਲ ਮੌਤ ਦਰ 1.32 ਫ਼ੀਸਦੀ ਹੈ। ਮੰਤਰਾਲਾ ਨੇ ਦੱਸਿਆ ਕਿ ਰਾਸ਼ਟਰ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਦੇਸ਼ ਵਿਚ ਕੋਰੋਨਾ ਰੋਕੂ ਟੀਕੇ ਦੀਆਂ ਕੁੱਲ 35.75 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।