ਭਾਰਤ 7.4 ਫ਼ੀਸਦੀ ਆਰਥਿਕ ਵਾਧੇ ਦੇ ਰਾਹ ''ਤੇ : ਏ. ਡੀ. ਬੀ.

07/21/2017 5:09:38 AM

ਨਵੀਂ ਦਿੱਲੀ- ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਕਿਹਾ ਕਿ ਮਜ਼ਬੂਤ ਖਪਤਕਾਰ ਮੰਗ ਕਾਰਨ ਸਾਲ 2017 'ਚ ਭਾਰਤ 'ਚ 7.4 ਫ਼ੀਸਦੀ ਅਤੇ ਇਸ ਤੋਂ ਅਗਲੇ ਸਾਲ 7.6 ਫ਼ੀਸਦੀ ਦੀ ਅੰਦਾਜ਼ਨ ਆਰਥਿਕ ਵਾਧਾ ਦਰ ਹਾਸਲ ਕਰ ਲੈਣ ਦੀ ਉਮੀਦ ਹੈ ਕਿਉਂਕਿ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ 'ਚ ਦੱਖਣ ਏਸ਼ੀਆ ਹੀ ਵਾਧੇ ਦੀ ਅਗਵਾਈ ਕਰ ਰਿਹਾ ਹੈ। ਇਸ ਰਿਪੋਰਟ ਅਨੁਸਾਰ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ਸਾਰੇ ਉਪ-ਖੇਤਰਾਂ 'ਚ ਦੱਖਣ ਏਸ਼ੀਆ ਸਭ ਤੋਂ ਤੇਜ਼ੀ ਨਾਲ ਵਾਧਾ ਕਰੇਗਾ ਅਤੇ ਇਸ ਦੀ ਵਾਧਾ ਦਰ 2017 'ਚ 7 ਫ਼ੀਸਦੀ ਅਤੇ 2018 'ਚ 7.2 ਫ਼ੀਸਦੀ ਦੇ ਮੂਲ ਅੰਦਾਜ਼ੇ ਨੂੰ ਹਾਸਲ ਕਰ ਲੈਣ ਦੀ ਸੰਭਾਵਨਾ ਹੈ। ਉਸ ਨੇ ਕਿਹਾ ਹੈ ਕਿ 2017 'ਚ ਵਿਕਾਸਸ਼ੀਲ ਏਸ਼ੀਆ ਦੀ ਵਾਧਾ ਸੰਭਾਵਨਾ 'ਚ ਇਸ ਵਿੱਤ ਸਾਲ ਦੀ ਪਹਿਲੀ ਤਿਮਾਹੀ 'ਚ ਅੰਦਾਜ਼ੇ ਤੋਂ ਜ਼ਿਆਦਾ ਬਰਾਮਦ ਹੋਣ ਦੇ ਆਧਾਰ 'ਤੇ ਸੁਧਾਰ ਕੀਤਾ ਗਿਆ ਹੈ।
ਜੂਨ ਤਿਮਾਹੀ ਤੋਂ ਵਾਧੇ ਦੇ ਅੰਕੜਿਆਂ 'ਚ ਹੋਵੇਗਾ ਸੁਧਾਰ : ਮੋਰਗਨ 
ਦਰਾਮਦ 'ਚ ਜੂਨ ਮਹੀਨੇ 'ਚ ਮਜ਼ਬੂਤ ਵਾਧਾ ਦੇਸ਼ ਦੀ ਘਰੇਲੂ ਮੰਗ 'ਚ ਲਗਾਤਾਰ ਸੁਧਾਰ ਨੂੰ ਦਰਸਾਉਂਦਾ ਹੈ ਅਤੇ ਇਸ ਨਾਲ ਸੰਕੇਤ ਮਿਲਦਾ ਹੈ ਕਿ ਅਪ੍ਰੈਲ-ਜੂਨ ਤਿਮਾਹੀ ਤੋਂ ਆਰਥਿਕ ਵਿਸਥਾਰ 'ਚ ਤੇਜ਼ੀ ਆਵੇਗੀ। ਮੋਰਗਨ ਸਟੇਨਲੇ ਦੀ ਇਕ ਰਿਪੋਰਟ 'ਚ ਇਹ ਕਿਹਾ ਗਿਆ ਹੈ। ਕੌਮਾਂਤਰੀ ਵਿੱਤੀ ਸੇਵਾ ਕੰਪਨੀ ਅਨੁਸਾਰ ਲਗਾਤਾਰ ਚੌਥੀ ਤਿਮਾਹੀ 'ਚ ਬਰਾਮਦ ਵਾਧਾ ਕਮਜ਼ੋਰ ਹੋਇਆ ਹੈ ਪਰ ਦਰਾਮਦ 'ਚ ਵਾਧਾ ਮਜ਼ਬੂਤ ਬਣਿਆ ਹੋਇਆ ਹੈ। ਇਹ ਮਜ਼ਬੂਤੀ ਘਰੇਲੂ ਮੰਗ ਵੱਲ ਇਸ਼ਾਰਾ ਕਰਦੀ ਹੈ। 
ਰਿਪੋਰਟ ਅਨੁਸਾਰ ਬਰਾਮਦ 'ਚ ਅਪ੍ਰੈਲ-ਜੂਨ ਤਿਮਾਹੀ ਦੌਰਾਨ ਸਾਲਾਨਾ ਆਧਾਰ 'ਤੇ 10.2 ਫ਼ੀਸਦੀ ਦਾ ਵਾਧਾ ਹੋਇਆ ਜੋ ਮਾਰਚ ਤਿਮਾਹੀ ਦੇ 18.3 ਫ਼ੀਸਦੀ ਵਾਧੇ ਦੇ ਮੁਕਾਬਲੇ ਘੱਟ ਹੈ। ਉਥੇ ਹੀ ਦੂਜੇ ਪਾਸੇ ਦਰਾਮਦ 'ਚ ਕੁਲ ਵਾਧਾ ਸਾਲਾਨਾ ਆਧਾਰ 'ਤੇ ਜੂਨ 'ਚ 19 ਫ਼ੀਸਦੀ ਦੇ ਨਾਲ ਮਜ਼ਬੂਤ ਰਿਹਾ। ਜੂਨ ਦੌਰਾਨ ਤੇਲ ਦਰਾਮਦ ਅਤੇ ਸੋਨਾ ਤੇ ਚਾਂਦੀ ਦਰਾਮਦ 'ਚ ਵਾਧਾ ਮਹੀਨਾ-ਦਰ-ਮਹੀਨਾ ਆਧਾਰ 'ਤੇ ਘੱਟ ਹੋਇਆ, ਉਥੇ ਹੀ ਇਨ੍ਹਾਂ ਉਤਪਾਦਾਂ (ਸੋਨਾ,  ਚਾਂਦੀ ਅਤੇ ਤੇਲ) ਨੂੰ ਛੱਡ ਕੇ ਦਰਾਮਦ 'ਚ ਦਹਾਈ ਅੰਕ 'ਚ ਵਾਧਾ ਹੋਇਆ। ਰਿਪੋਰਟ ਮੁਤਾਬਕ ਤੇਲ ਅਤੇ ਸੋਨੇ ਨੂੰ ਛੱਡ ਕੇ ਦਰਾਮਦ ਜੂਨ 'ਚ 17.2 ਫ਼ੀਸਦੀ ਵਧੀ, ਜਦੋਂ ਕਿ ਮਈ 'ਚ ਇਸ 'ਚ 18 ਫ਼ੀਸਦੀ ਦਾ ਵਾਧਾ ਹੋਇਆ ਸੀ।


Related News