ਦੁਨੀਆ ਭਰ ’ਚ ਇੰਟਰਨੈੱਟ ਬੰਦ ਕਰਨ ’ਚ ਭਾਰਤ ਸਭ ਤੋਂ ਅੱਗੇ

12/20/2019 11:19:31 AM

ਗੈਜੇਟ ਡੈਸਕ– ਦੇਸ਼ ’ਚ ਇਸ ਸਾਲ ਵੀਰਵਾਰ ਨੂੰ 95ਵੀਂ ਵਾਰ ਇੰਟਰਨੈੱਟ ਬੰਦ ਹੋਇਆ। ਅਜਿਹਾ ਦਿੱਲੀ ਅਤੇ ਉੱਤਰ ਪ੍ਰਦੇਸ਼ ’ਚ ਨਾਗਰਿਕਤਾ ਸੰਸ਼ੋਧਨ ਕਾਨੂੰਨ (CCA) ਖਿਲਾਫ ਪ੍ਰਦਰਸ਼ਨ ਦੇ ਚੱਲਦੇ ਕੀਤਾ ਗਿਆ। ਇੰਡੀਅਨ ਕਾਉਂਸਿਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਨੌਮਿਕ ਰਿਲੇਸ਼ੰਸ ਸਮੇਤ ਦੋ ਥਿੰਕ ਟੈਂਕ ਸੰਸਥਾਵਾਂ ਦੇ ਰਿਸਰਚ ਮੁਤਾਬਕ, ਦੁਨੀਆ ਭਰ ’ਚ ਭਾਰਤ ’ਚ ਸਭ ਤੋਂ ਜ਼ਿਆਦਾ ਇੰਟਰਨੈੱਟ ਬੰਦ ਕੀਤਾ ਗਿਆ। ਇਸ ਕਾਰਨ ਭਾਰੀ ਆਰਥਿਕ ਨੁਕਸਾਨ ਵੀ ਹੋਇਆ ਹੈ। ਸਾਲ 2012 ਤੋਂ ਸਰਕਾਰ ਨੇ ਦੇਸ਼ ’ਚ 367 ਵਾਰ ਇੰਟਰਨੈੱਟ ਬੰਦ ਕੀਤਾ। ਖਾਸ ਗੱਲ ਇਹ ਹੈ ਕਿ ਸਾਲ 2018 ’ਚ ਦੁਨੀਆ ਭਰ ਦੇ ਇੰਟਰਨੈੱਟ ਸ਼ਟਡਾਊਨ ਦਾ 67 ਫੀਸਦੀ ਸਿਰਫ ਭਾਰਤ ’ਚ ਹੋਇਆ। ਆਓ ਇਸ ਬਾਰੇ ਤੁਹਾਨੂੰ ਵਿਸਤਾਰ ਨਾਲ ਦੱਸਦੇ ਹਾਂ।

PunjabKesari

39 ਵਾਰ 72 ਘੰਟੇ ਤੋਂ ਜ਼ਿਆਦਾ ਸਮੇਂ ਲਈ ਇੰਟਰਨੈੱਟ ਬੰਦ
ਜਨਵਰੀ 2012 ਤੋਂ ਜਨਵਰੀ 2019 ਦੇ ਵਿਚਕਾਰ 60 ਵਾਰ 24 ਘੰਟੋਂ ਤੋਂ ਘੱਟ ਸਮੇਂ ਦਾ ਇੰਟਰਨੈੱਟ ਸ਼ਟਡਾਊਨ ਹੋਇਆ। ਉਥੇ ਹੀ 55 ਵਾਰ 24-72 ਘੰਟੇ ਲਈ ਇੰਟਰਨੈੱਟ ਬੰਦ ਕੀਤਾ ਗਿਆ। 39 ਵਾਰ 72 ਘੰਟੇ ਤੋਂ ਜ਼ਿਆਦਾ ਸਮੇਂ ਲਈ ਇੰਟਰਨੈੱਟ ਬੰਦ ਹੋਇਆ। ਉਥੇ ਹੀ ਸਾਲ 2012 ਤੋਂ 2017 ਦੇ ਵਿਚਕਾਰ 16 ਹਜ਼ਾਰ ਘੰਟੇ ਤੋਂ ਜ਼ਿਆਦਾ ਸਮੇਂ ਤਕ ਇੰਟਰਨੈੱਟ ਬੰਦ ਰਿਹਾ। 

ਕਸ਼ਮੀਰ ’ਚ ਸਭ ਤੋਂ ਲੰਬੇ ਸਮੇਂ ਦਾ ਸ਼ਟਡਾਊਨ
ਕਸ਼ਮੀਰ ’ਚ ਸਭ ਤੋਂ ਲੰਬੇ ਸਮੇਂ ਦਾ ਇੰਟਰਨੈੱਟ ਸ਼ਟਡਾਊਨ ਚੱਲ ਰਿਹਾ ਹੈ। ਇਥੇ 5 ਅਗਸਤ ਨੂੰ ਇੰਟਰਨੈੱਟ ਬੰਦ ਕੀਤਾ ਗਿਆ ਸੀ, ਜੋ ਹੁਣ ਵੀ ਜਾਰੀ ਹੈ। ਇਸ ਦਾ ਮਤਲਬ ਹੈ ਕਿ ਇਥੇ 136 ਦਿਨਾਂ ਤੋਂ ਇੰਟਰਨੈੱਟ ਬੰਦ ਹੈ। 

PunjabKesari

ਜੰਮੂ-ਕਸ਼ਮੀਰ ’ਚ ਸਭ ਤੋਂ ਜ਼ਿਆਦਾ ਵਾਰ ਇੰਟਰਨੈੱਟ ਬੰਦ
ਇੰਟਰਨੈੱਟ ਬੰਦ ਹੋਣ ਵਾਲੇ ਰਾਜਾਂ ’ਚ ਜੰਮੂ-ਕਸ਼ਮੀਰ ਸਭ ਤੋਂ ਅੱਗੇ ਹੈ। 2012 ਤੋਂ 2019 ਤਕ ਇੰਟਰਨੈੱਟ ਬੰਦ ਕੀਤੇ ਜਾਣ ਵਾਲੇ ਟਾਪ ਰਾਜਾਂ ’ਚ ਜੰਮੂ-ਕਸ਼ਮੀਰ, ਰਾਜਸਥਾਨ, ਯੂ.ਪੀ., ਹਰਿਆਣਾ, ਬਿਹਾਰ ਅਤੇ ਗੁਜਰਾਤ ਸ਼ਾਮਲ ਹਨ। ਜੰਮੂ-ਕਸ਼ਮੀਰ ’ਚ 180 ਵਾਰ, ਰਾਜਸਥਾਨ ’ਚ 67 ਵਾਰ, ਯੂ.ਪੀ. ’ਚ 20 ਵਾਰ, ਹਰਿਆਣਾ ’ਚ 13 ਵਾਰ, ਬਿਹਾਰ ’ਚ 11 ਵਾਰ ਅਤੇ ਗੁਜਰਾਤ ’ਚ 11 ਵਾਰ ਇੰਟਰਨੈੱਟ ਬੰਦ ਹੋਇਆ। ਉਥੇ ਹੀ 2012 ਤੋਂ 2019 ਵਿਚਕਾਰ ਦੇਸ਼ ਭਰ ’ਚ ਕੁਲ 367 ਵਾਰ ਇੰਟਰਨੈੱਟ ਬੰਦ ਹੋਇਆ ਹੈ। 

ਗੂਜਰਾਤ ਨੂੰ ਸਭ ਤੋਂ ਜ਼ਿਆਦਾ ਨੁਕਸਾਨ
ਇੰਟਰਨੈੱਟ ਬੰਦ ਕੀਤੇ ਜਾਣ ’ਚ ਸਭ ਤੋਂ ਜ਼ਿਆਦਾ ਆਰਥਿਕ ਨੁਕਸਾਨ ਗੁਜਰਾਤ ਨੂੰ ਹੋਇਆ। ਸਾਲ 2012 ਤੋਂ 2017 ਦੇ ਅੰਕੜਿਆਂ ਮੁਤਾਬਕ, ਗੂਜਰਾਤ ਨੂੰ 1177,5 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਉਥੇ ਹੀ, ਜੰਮੂ-ਕਸ਼ਮੀਰ ਨੂੰ 610.2 ਮਿਲੀਅਨ ਡਾਲਰ, ਹਰਿਆਣਾ ਨੂੰ 429.2 ਮਿਲੀਅਨ ਡਾਲਰ, ਰਾਜਸਥਾਨ ਨੂੰ 182.9 ਮਿਲੀਅਨ ਡਾਲਰ, ਯੂ.ਪੀ. ਨੂੰ 53 ਮਿਲੀਅਨ ਡਾਲਰ ਅਤੇ ਬਿਹਾਰ ਨੂੰ 51.9 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। 2012 ਤੋਂ 2017 ਵਿਚਕਾਰ ਇੰਟਰਨੈੱਟ ਬੈਨ ਹੋਣ ਨਾਲ ਸਾਰੇ ਰਾਜਾਂ ਦਾ ਕੁਲ ਆਰਥਿਕ ਨੁਕਸਾਨ 3 ਬਿਲੀਅਨ ਡਾਲਰ ਰਿਹਾ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦਾ ਡਾਟਾ ਉਸ ਦੀ ਵੰਡ ਤੋਂ ਪਹਿਲਾਂ ਦਾ ਹੈ। 


Related News