ਪੀਐੱਮ ਮੋਦੀ ਦੀ ਵਿਰੋਧੀ ਧਿਰ ਨੂੰ ‘ਬਲੈਂਕ ਚੈੱਕ’ ਪੇਸ਼ਕਸ਼! ਮਹਿਲਾ ਰਾਖਵਾਂਕਰਨ ਬਿੱਲ ’ਤੇ ਏਕਤਾ ਦੀ ਅਪੀਲ

Thursday, Apr 16, 2026 - 05:58 PM (IST)

ਪੀਐੱਮ ਮੋਦੀ ਦੀ ਵਿਰੋਧੀ ਧਿਰ ਨੂੰ ‘ਬਲੈਂਕ ਚੈੱਕ’ ਪੇਸ਼ਕਸ਼! ਮਹਿਲਾ ਰਾਖਵਾਂਕਰਨ ਬਿੱਲ ’ਤੇ ਏਕਤਾ ਦੀ ਅਪੀਲ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੰਸਦ 'ਚ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਇੱਕ ਵੱਡਾ ਦਾਅ ਖੇਡਿਆ ਹੈ। ਲੋਕ ਸਭਾ ਵਿੱਚ ਬੋਲਦਿਆਂ ਪੀਐੱਮ ਮੋਦੀ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਸੋਧ ਨੂੰ ਸਰਵਸੰਮਤੀ ਨਾਲ ਪਾਸ ਕਰਨ ਲਈ ਅੱਗੇ ਆਉਣ। ਉਨ੍ਹਾਂ ਨੇ ਵਿਰੋਧੀ ਧਿਰ ਨੂੰ "ਕ੍ਰੈਡਿਟ ਦਾ ਬਲੈਂਕ ਚੈੱਕ" ਪੇਸ਼ ਕਰਦੇ ਹੋਏ ਕਿਹਾ ਕਿ ਜੇਕਰ ਉਹ ਇਸ ਬਿੱਲ ਦਾ ਸਮਰਥਨ ਕਰਦੇ ਹਨ ਤਾਂ ਸਰਕਾਰ ਇਸ ਦਾ ਸਾਰਾ ਸਿਹਰਾ ਉਨ੍ਹਾਂ ਨੂੰ ਦੇਣ ਲਈ ਤਿਆਰ ਹੈ।

"ਤੁਸੀਂ ਬਿੱਲ ਪਾਸ ਕਰੋ, ਮੈਂ ਤੁਹਾਡੀਆਂ ਫੋਟੋਆਂ ਵਾਲੇ ਇਸ਼ਤਿਹਾਰ ਲਗਾਵਾਂਗਾ"
ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਨਾਅਰੇਬਾਜ਼ੀ ਦਰਮਿਆਨ ਪ੍ਰਧਾਨ ਮੰਤਰੀ ਨੇ ਕਿਹਾ, "ਸਾਨੂੰ ਕ੍ਰੈਡਿਟ ਨਹੀਂ ਚਾਹੀਦਾ। ਤੁਸੀਂ ਇਸ ਨੂੰ ਪਾਸ ਕਰੋ, ਮੈਂ ਤੁਹਾਡੀਆਂ ਫੋਟੋਆਂ ਪ੍ਰਕਾਸ਼ਤ ਕਰਕੇ ਇਸ਼ਤਿਹਾਰ ਜਾਰੀ ਕਰਾਂਗਾ।" ਉਨ੍ਹਾਂ ਕਿਹਾ ਕਿ ਇਹ ਮੁੱਦਾ ਪਿਛਲੇ ਤਿੰਨ ਦਹਾਕਿਆਂ ਤੋਂ ਅਟਕਿਆ ਹੋਇਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਇਸ ਨੂੰ ਬਿਨਾਂ ਕਿਸੇ ਦੇਰੀ ਦੇ ਹੱਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੋ ਲੋਕ ਇਸ ਬਿੱਲ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਨੂੰ ਜਨਤਾ ਵੱਲੋਂ "ਢੁਕਵੀਂ ਸਜ਼ਾ" ਦਿੱਤੀ ਜਾਵੇਗੀ।

ਤਿੰਨ ਰੋਜ਼ਾ ਵਿਸ਼ੇਸ਼ ਸੈਸ਼ਨ ਤੇ ਅਹਿਮ ਬਿੱਲ
ਜ਼ਿਕਰਯੋਗ ਹੈ ਕਿ 16 ਤੋਂ 18 ਅਪ੍ਰੈਲ ਤੱਕ ਸੰਸਦ ਦਾ ਵਿਸ਼ੇਸ਼ ਤਿੰਨ ਰੋਜ਼ਾ ਸੈਸ਼ਨ ਚੱਲ ਰਿਹਾ ਹੈ। ਇਸ ਸੈਸ਼ਨ ਵਿੱਚ ਤਿੰਨ ਮਹੱਤਵਪੂਰਨ ਬਿੱਲ - ਸੰਵਿਧਾਨ (131ਵੀਂ ਸੋਧ) ਬਿੱਲ 2026, ਕੇਂਦਰ ਸ਼ਾਸਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ 2026, ਅਤੇ ਹੱਦਬੰਦੀ (Delimitation) ਬਿੱਲ 2026 ਪੇਸ਼ ਕੀਤੇ ਜਾਣ ਦੀ ਉਮੀਦ ਹੈ। ਪੀਐੱਮ ਮੋਦੀ ਨੇ ਵਿਰੋਧੀ ਧਿਰ ਨੂੰ ਸਲਾਹ ਦਿੱਤੀ ਕਿ ਉਹ 'ਨਾਰੀ ਸ਼ਕਤੀ' ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਰੁਕਾਵਟ ਨਾ ਬਣਨ, ਕਿਉਂਕਿ ਅਜਿਹਾ ਕਰਨਾ ਦੇਸ਼ ਲਈ ਨੁਕਸਾਨਦੇਹ ਸਾਬਤ ਹੋਵੇਗਾ।

ਜ਼ਮੀਨੀ ਪੱਧਰ ਤੋਂ ਬਾਅਦ ਹੁਣ ਸੰਸਦ ਦੀ ਵਾਰੀ
ਪ੍ਰਧਾਨ ਮੰਤਰੀ ਨੇ ਤਰਕ ਦਿੱਤਾ ਕਿ ਜ਼ਮੀਨੀ ਪੱਧਰ (ਪੰਚਾਇਤਾਂ ਆਦਿ) 'ਤੇ ਮਹਿਲਾਵਾਂ ਦੀ ਨੁਮਾਇੰਦਗੀ ਪਹਿਲਾਂ ਹੀ ਸਫਲਤਾਪੂਰਵਕ ਹਾਸਲ ਕੀਤੀ ਜਾ ਚੁੱਕੀ ਹੈ। ਜੇਕਰ ਇਹੀ ਨੁਮਾਇੰਦਗੀ ਰਾਜ ਵਿਧਾਨ ਸਭਾਵਾਂ ਤੇ ਰਾਸ਼ਟਰੀ ਪੱਧਰ 'ਤੇ ਵੀ ਯਕੀਨੀ ਬਣਾਈ ਜਾਂਦੀ ਹੈ ਤਾਂ ਇਸ ਨਾਲ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਵਧੇਰੇ ਸੰਵੇਦਨਸ਼ੀਲਤਾ ਅਤੇ ਦਇਆ ਆਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਹਿਲਾ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ।

ਵਿਰੋਧੀ ਧਿਰ 'ਤੇ ਚੁਟਕੀ
ਭਾਸ਼ਣ ਦੇ ਅੰਤ ਵਿੱਚ, ਪੀਐੱਮ ਮੋਦੀ ਨੇ ਵਿਰੋਧੀ ਧਿਰ 'ਤੇ ਇੱਕ ਤਿੱਖਾ ਨਿਸ਼ਾਨਾ ਵੀ ਸਾਧਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੱਦਬੰਦੀ ਤੋਂ ਬਾਅਦ ਵਧਣ ਵਾਲੀ ਸੰਸਦ ਮੈਂਬਰਾਂ ਦੀ ਗਿਣਤੀ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਲਿਆ ਸੀ, ਇਸੇ ਲਈ ਨਵੀਂ ਸੰਸਦ ਦੀ ਇਮਾਰਤ ਨੂੰ ਇੰਨਾ ਵਿਸ਼ਾਲ ਬਣਾਇਆ ਗਿਆ ਹੈ ਕਿ ਉੱਥੇ ਵਾਧੂ ਮੈਂਬਰਾਂ ਲਈ ਕਾਫੀ ਥਾਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News