ਭਾਰਤ ਦੇ ਨਵੇਂ ਨਕਸ਼ੇ ਨੂੰ ਲੈ ਕੇ ਨੇਪਾਲ ਨੇ ਜਤਾਈ ਨਾਰਾਜ਼ਗੀ

Friday, Nov 08, 2019 - 10:36 AM (IST)

ਭਾਰਤ ਦੇ ਨਵੇਂ ਨਕਸ਼ੇ ਨੂੰ ਲੈ ਕੇ ਨੇਪਾਲ ਨੇ ਜਤਾਈ ਨਾਰਾਜ਼ਗੀ

ਨਵੀਂ ਦਿੱਲੀ/ਕਾਠਮਾਂਡੋ— ਜੰਮੂ ਅਤੇ ਕਸ਼ਮੀਰ, ਲੱਦਾਖ ਦੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਜਾਰੀ ਭਾਰਤ ਦੇ ਨਵੇਂ ਨਕਸ਼ੇ ਨੂੰ ਲੈ ਕੇ ਨੇਪਾਲ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਨੇਪਾਲ ਨੇ ਉਤਰਾਖੰਡ ਦੇ 'ਕਾਲਾਪਾਨੀ' ਅਤੇ ਲਿਪੁਲੇਕ ਨੂੰ ਭਾਰਤੀ ਖੇਤਰ 'ਚ ਦਿਖਾਏ ਜਾਣ 'ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਨੇਪਾਲ ਦਾ ਕਹਿਣਾ ਹੈ ਕਿ ਇਹ ਦੋਵੇਂ ਉਸ ਦੇ ਧਾਰਚੂਲਾ ਜ਼ਿਲੇ ਦੇ ਹਿੱਸੇ ਹਨ। ਸੰਬੰਧਤ ਖੇਤਰ ਨੂੰ ਲੈ ਕੇ ਭਾਰਤ ਨਾਲ ਗੱਲਬਾਤ ਜਾਰੀ ਹੈ ਅਤੇ ਇਹ ਮੁੱਦਾ ਹਾਲੇ ਤੱਕ ਅਣਸੁਲਝਿਆ ਹੈ। ਉੱਥੇ ਹੀ ਇਸ 'ਤੇ ਜਵਾਬ ਦਿੰਦੇ ਹੋਏ ਭਾਰਤ ਨੇ ਇਸ ਮੁੱਦੇ ਨੂੰ ਨੇਪਾਲ ਨਾਲ ਵਾਰਤਾ ਰਾਹੀਂ ਸੁਲਝਾ ਲੈਣ ਦੀ ਗੱਲ ਕਹੀ ਹੈ।

ਇਸ ਤੋਂ ਪਹਿਲਾਂ ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਨਵੇਂ ਨਕਸ਼ੇ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਦੋਹਾਂ ਦੇਸ਼ਾਂ ਦੇ ਸਰਹੱਦ ਸੰਬੰਧੀ ਮੁੱਦਿਆਂ ਨੂੰ ਸੰਬੰਧਤ ਮਾਹਰਾਂ ਦੀ ਮਦਦ ਨਾਲ ਸੁਲਝਾਉਣ ਦੀ ਜ਼ਿੰਮੇਵਾਰੀ ਦੋਹਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਨੂੰ ਦਿੱਤੀ ਗਈ ਹੈ। ਅਜਿਹੇ 'ਚ ਸਰਹੱਦ ਸੰਬੰਧਤ ਸਾਰੇ ਪੈਂਡਿੰਗ ਮੁੱਦਿਆਂ ਨੂੰ ਆਪਸੀ ਸਮਝ ਨਾਲ ਸੁਲਝਾਉਣ ਦੀ ਜ਼ਰੂਰਤ ਹੈ ਅਤੇ ਕੋਈ ਵੀ ਇਕ ਪਾਸੜ ਕਾਰਵਾਈ ਨੇਪਾਲ ਸਰਕਾਰ ਨੂੰ ਨਾਮਨਜ਼ੂਰ ਹੈ। ਨੇਪਾਲ ਸਰਕਾਰ ਆਪਣੀਆਂ ਸਰਹੱਦਾਂ ਦੀ ਰੱਖਿਆ ਲਈ ਵਚਨਬੱਧ ਹੈ।


author

DIsha

Content Editor

Related News