ਨਕਸਲਵਾਦੀ ਤੇ ਮਾਓਵਾਦੀ ਦਹਿਸ਼ਤ ਨੂੰ ਖਤਮ ਕਰਨ ਵੱਲ ਵਧ ਰਿਹੈ ਭਾਰਤ : ਮੋਦੀ

Sunday, Nov 02, 2025 - 12:09 AM (IST)

ਨਕਸਲਵਾਦੀ ਤੇ ਮਾਓਵਾਦੀ ਦਹਿਸ਼ਤ ਨੂੰ ਖਤਮ ਕਰਨ ਵੱਲ ਵਧ ਰਿਹੈ ਭਾਰਤ : ਮੋਦੀ

ਨਵਾ ਰਾਏਪੁਰ–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨਕਸਲਵਾਦੀਆਂ ਤੇ ਮਾਓਵਾਦੀਆਂ ਦੀ ਦਹਿਸ਼ਤ ਨੂੰ ਖਤਮ ਕਰਨ ਵੱਲ ਅੱਗੇ ਵਧ ਰਿਹਾ ਹੈ ਅਤੇ ਅੱਤਵਾਦ ਦੇ ਖਾਤਮੇ ਦਾ ਸੰਕਲਪ ਲੈ ਕੇ ਅੱਤਵਾਦੀਆਂ ਦੀ ਕਮਰ ਤੋੜ ਰਿਹਾ ਹੈ।ਮੋਦੀ ਨੇ ਨਵਾ ਰਾਏਪੁਰ, ਅਟਲ ਨਗਰ ’ਚ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਸਭਾ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।

ਉਨ੍ਹਾਂ ਕਿਹਾ,‘‘ਭਾਰਤ ਅੱਤਵਾਦ ਦੇ ਖਾਤਮੇ ਦਾ ਸੰਕਲਪ ਲੈ ਕੇ ਅੱਤਵਾਦੀਆਂ ਦੀ ਕਮਰ ਤੋੜ ਰਿਹਾ ਹੈ ਅਤੇ ਨਕਸਲਵਾਦ, ਮਾਓਵਾਦੀ ਦਹਿਸ਼ਤ ਨੂੰ ਵੀ ਸਮਾਜ ’ਚੋਂ ਖਤਮ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਭਾਰਤ ਬੇਮਿਸਾਲ ਜਿੱਤ ਦੇ ਮਾਣ ਨਾਲ ਭਰਿਆ ਹੋਇਆ ਹੈ ਅਤੇ ਮਾਣ ਦੀ ਇਹੀ ਭਾਵਨਾ ਛੱਤੀਸਗੜ੍ਹ ਵਿਧਾਨ ਸਭਾ ਦੇ ਨਵੇਂ ਕੰਪਲੈਕਸ ’ਚ ਚਾਰੇ ਪਾਸੇ ਨਜ਼ਰ ਆ ਰਹੀ ਹੈ।’’

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸਿਰਫ ਕਾਨੂੰਨ ਬਣਾਉਣ ਦਾ ਸਥਾਨ ਨਹੀਂ, ਸਗੋਂ ਸੂਬੇ ਦੀ ਕਿਸਮਤ ਤੈਅ ਕਰਨ ਦਾ ਕੇਂਦਰ ਵੀ ਹੈ। ਸਾਰਿਆਂ ਨੂੰ ਯਕੀਨੀ ਬਣਾਉਣਾ ਪਵੇਗਾ ਕਿ ਇੱਥੋਂ ਨਿਕਲਣ ਵਾਲੇ ਹਰ ਵਿਚਾਰ ਵਿਚ ਜਨ ਸੇਵਾ ਦੀ ਭਾਵਨਾ ਹੋਵੇ, ਵਿਕਾਸ ਦਾ ਸੰਕਲਪ ਹੋਵੇ ਅਤੇ ਭਾਰਤ ਨੂੰ ਨਵੀਆਂ ਉਚਾਈਆਂ ਤਕ ਲਿਜਾਣ ਦਾ ਵਿਸ਼ਵਾਸ ਹੋਵੇ।ਮੋਦੀ ਨੇ ਕਿਹਾ,‘‘ਵਿਧਾਨ ਸਭਾ ਦੀ ਨਵੀਂ ਇਮਾਰਤ ਦੇ ਉਦਘਾਟਨ ਦੀ ਅਸਲ ਅਹਿਮੀਅਤ ਸਾਡੇ ਇਸ ਸਮੂਹਿਕ ਸੰਕਲਪ ਵਿਚ ਹੈ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਈਮਾਨਦਾਰੀ ਨਾਲ ਨਿਭਾਈਏ ਅਤੇ ਲੋਕਤੰਤਰ ਦੀ ਭਾਵਨਾ ਬਣਾਈ ਰੱਖੀਏ।’’

ਪ੍ਰਧਾਨ ਮੰਤਰੀ ਨੇ ਇਸ ਦੌਰਾਨ ਅੱਤਵਾਦ ਤੇ ਖੱਬੇਪੱਖੀ ਦਹਿਸ਼ਤ ਨਾਲ ਨਜਿੱਠਣ ’ਚ ਭਾਰਤ ਦੀ ਸਫਲਤਾ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ,‘‘ਪਿਛਲੇ 25 ਸਾਲਾਂ ’ਚ ਛੱਤੀਸਗੜ੍ਹ ਨੇ ਜੋ ਤਬਦੀਲੀਆਂ ਵੇਖੀਆਂ ਹਨ, ਉਹ ਵਿਲੱਖਣ ਤੇ ਪ੍ਰੇਰਣਾਦਾਇਕ ਹਨ। ਕਦੇ ਇਹ ਸੂਬਾ ਨਕਸਲਵਾਦ ਤੇ ਪੱਛੜੇਪਨ ਤੋਂ ਪਛਾਣਿਆ ਜਾਂਦਾ ਸੀ, ਅੱਜ ਉਹੀ ਸੂਬਾ ਖੁਸ਼ਹਾਲੀ, ਸੁਰੱਖਿਆ ਤੇ ਸਥਿਰਤਾ ਦਾ ਪ੍ਰਤੀਕ ਬਣ ਗਿਆ ਹੈ। ਵਿਕਾਸ ਦੀ ਲਹਿਰ ਤੇ ਮੁਸਕਾਨ ਨਕਸਲ ਪ੍ਰਭਾਵਿਤ ਇਲਾਕਿਆਂ ਤਕ ਪਹੁੰਚ ਗਈ ਹੈ।’’


author

Hardeep Kumar

Content Editor

Related News