ਭਾਰਤ ਜਿੰਨਾ ਮੋਦੀ-ਭਾਗਵਤ ਦਾ, ਓਨਾ ਹੀ ਸਾਡਾ ਵੀ : ਜਮੀਅਤ ਮੁਖੀ ਮਦਨੀ ​​

Sunday, Feb 12, 2023 - 10:41 AM (IST)

ਭਾਰਤ ਜਿੰਨਾ ਮੋਦੀ-ਭਾਗਵਤ ਦਾ, ਓਨਾ ਹੀ ਸਾਡਾ ਵੀ : ਜਮੀਅਤ ਮੁਖੀ ਮਦਨੀ ​​

ਨਵੀਂ ਦਿੱਲੀ- ਜਮੀਅਤ ਉਲੇਮਾ-ਏ-ਹਿੰਦ ਦੇ ਮੁਖੀ ਮਹਿਮੂਦ ਮਦਨੀ ​​ਨੇ ਕਿਹਾ ਹੈ ਕਿ ਭਾਜਪਾ ਅਤੇ ਆਰ. ਐੱਸ. ਐੱਸ. ਨਾਲ ਸਾਡੇ ਕੋਈ ਧਾਰਮਿਕ ਮਤਭੇਦ ਨਹੀਂ ਪਰ ਵਿਚਾਰਧਾਰਕ ਮਤਭੇਦ ਹਨ। ਸ਼ਨੀਵਾਰ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਜਮੀਅਤ ਦੇ 34ਵੇਂ ਸੈਸ਼ਨ ’ਚ ਉਨ੍ਹਾਂ ਕਿਹਾ ਕਿ ਭਾਰਤ ਜਿੰਨਾ ਮੋਦੀ- ਤੇ ਭਾਗਵਤ ਦਾ ਹੈ ਓਨਾ ਹੀ ਸਾਡਾ ਵੀ ਹੈ।

ਮਦਨੀ ਨੇ ਕਿਹਾ ਕਿ ਅਸੀਂ ਆਰ. ਐੱਸ. ਐੱਸ. ਅਤੇ ਇਸ ਦੇ ਸਰਸੰਘ ਚਾਲਕ ਨੂੰ ਸੱਦਾ ਦਿੰਦੇ ਹਾਂ ਕਿ ਆਓ, ਆਪਸੀ ਮਤਭੇਦ ਅਤੇ ਦੁਸ਼ਮਣੀ ਭੁਲਾ ਕੇ ਇੱਕ ਦੂਜੇ ਨੂੰ ਗਲੇ ਲਾ ਕੇ ਅਾਪਣੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣਾਈਏ। ਸਾਨੂੰ ਸਨਾਤਨ ਧਰਮ ਤੋਂ ਕੋਈ ਸ਼ਿਕਾਇਤ ਨਹੀਂ, ਤੁਹਾਨੂੰ ਵੀ ਇਸਲਾਮ ਤੋਂ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ।

ਜਮੀਅਤ ਮੁਖੀ ਨੇ ਕਿਹਾ ਕਿ ਸਾਡੀ ਨਜ਼ਰ ਵਿਚ ਹਿੰਦੂ ਅਤੇ ਮੁਸਲਮਾਨ ਬਰਾਬਰ ਹਨ। ਅਸੀਂ ਇਨਸਾਨਾਂ ਵਿੱਚ ਫ਼ਰਕ ਨਹੀਂ ਕਰਦੇ। ਜਮੀਅਤ ਦੀ ਨੀਤੀ ਇਹ ਰਹੀ ਹੈ ਕਿ ਭਾਰਤ ਦੇ ਸਾਰੇ ਨਾਗਰਿਕ ਬਰਾਬਰ ਹਨ, ਉਨ੍ਹਾਂ ਵਿਚਕਾਰ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ।

ਭਾਰਤ ਮੁਸਲਮਾਨਾਂ ਲਈ ਸਭ ਤੋਂ ਵਧੀਆ ਦੇਸ਼

ਮਦਨੀ ਨੇ ਕਿਹਾ ਕਿ ਭਾਰਤ ਮੁਸਲਮਾਨਾਂ ਦਾ ਪਹਿਲਾ ਵਤਨ ਹੈ। ਇਹ ਕਹਿਣਾ ਕਿ ਇਸਲਾਮ ਬਾਹਰੋਂ ਆਇਆ ਧਰਮ ਹੈ, ਬਿਲਕੁਲ ਗਲਤ ਅਤੇ ਬੇਬੁਨਿਆਦ ਹੈ। ਇਸਲਾਮ ਸਾਰੇ ਧਰਮਾਂ ਵਿੱਚੋਂ ਸਭ ਤੋਂ ਪੁਰਾਣਾ ਧਰਮ ਹੈ। ਭਾਰਤ ਮੁਸਲਮਾਨਾਂ ਲਈ ਸਭ ਤੋਂ ਵਧੀਆ ਦੇਸ਼ ਹੈ ਪਰ ਇੱਥੇ ਮੁਸਲਮਾਨਾਂ ਵਿਰੁੱਧ ਨਫ਼ਰਤ ਪੈਦਾ ਕਰਨ ਅਤੇ ਭੜਕਾਉਣ ਦੇ ਮਾਮਲੇ ਵੱਧ ਰਹੇ ਹਨ। ਅਜੋਕੇ ਸਮੇਂ ਵਿੱਚ ਇਸਲਾਮ ਫੋਬੀਆ ਵਿੱਚ ਬਹੁਤ ਵਾਧਾ ਹੋਇਆ ਹੈ।

ਮੌਲਾਨਾ ਮਦਨੀ ​​ਨੇ ਇਹ ਵੀ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਸਿਰਫ਼ ਮੁਸਲਮਾਨਾਂ ਦਾ ਮੁੱਦਾ ਨਹੀਂ ਸਗੋਂ ਇਹ ਦੇਸ਼ ਦੇ ਵੱਖ-ਵੱਖ ਸਮਾਜਿਕ ਸਮੂਹਾਂ, ਭਾਈਚਾਰਿਆਂ, ਜਾਤੀਆਂ ਅਤੇ ਸਾਰੇ ਵਰਗਾਂ ਨਾਲ ਸਬੰਧਤ ਹੈ।


author

Rakesh

Content Editor

Related News