ਭਾਰਤ ਸਵਦੇਸ਼ੀ ਤਕਨੀਕ ਨਾਲ ਕਰ ਰਿਹਾ ਬੁਲੇਟ ਟ੍ਰੇਨ ਨੂੰ ਵਿਕਸਤ ਕਰਨ ਦਾ ਕੰਮ : ਵੈਸ਼ਣਵ
Thursday, Aug 01, 2024 - 10:37 AM (IST)
ਨਵੀਂ ਦਿੱਲੀ (ਭਾਸ਼ਾ) - ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਸਵਦੇਸ਼ੀ ਤਕਨੀਕ ਨਾਲ ਦੇਸ਼ ’ਚ ਬੁਲੇਟ ਟ੍ਰੇਨ ਵਿਕਸਤ ਕਰਨ ’ਤੇ ਕੰਮ ਕਰ ਰਿਹਾ ਹੈ। ਵੈਸ਼ਣਵ ਨੇ ਲੋਕ ਸਭਾ ’ਚ ਇਕ ਪੂਰਕ ਸਵਾਲ ਦੇ ਜਵਾਬ ’ਚ ਕਿਹਾ ਕਿ ਬੁਲੇਟ ਟ੍ਰੇਨ ਪ੍ਰਾਜੈਕਟ ਤਕਨੀਕੀ ਤੌਰ ’ਤੇ ਬਹੁਤ ਗੁੰਝਲਦਾਰ ਹੈ ਅਤੇ ਇਸ ਨੂੰ ਜਾਪਾਨ ਦੀ ਮਦਦ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪਹਿਲਾ ਬੁਲੇਟ ਟ੍ਰੇਨ ਪ੍ਰਾਜੈਕਟ ਅਹਿਮਦਾਬਾਦ ਅਤੇ ਮੁੰਬਈ ਵਿਚ ਨਿਰਮਾਣ ਅਧੀਨ ਹੈ।
ਇਹ ਵੀ ਪੜ੍ਹੋ - ਭਾਜਪਾ ਵਿਧਾਇਕਾਂ ਨੇ ਮਾਰਸ਼ਲਾਂ ਦੁਆਰਾ ਸਦਨ ਤੋਂ ਬਾਹਰ ਕੱਢੇ ਜਾਣ 'ਤੇ ਕੰਪਲੈਕਸ 'ਚ ਕੱਟੀ ਰਾਤ
ਇਸ ਦੇ ਨਾਲ ਹੀ ਵੈਸ਼ਨਵ ਨੇ ਕਿਹਾ ਕਿ ਬੁਲੇਟ ਟਰੇਨ ਦੋ ਪੱਛਮੀ ਸ਼ਹਿਰਾਂ ਵਿਚਾਲੇ ਕੁੱਲ 508 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ, ਜਿਸ 'ਚੋਂ 320 ਕਿਲੋਮੀਟਰ 'ਤੇ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਹਿੱਸੇ ਵਿੱਚ ਕੰਮ ਹੌਲੀ ਹੋ ਗਿਆ ਸੀ ਪਰ 2022 ਵਿੱਚ ਭਾਜਪਾ-ਸ਼ਿਵ ਸੈਨਾ-ਐਨਸੀਪੀ ਮਹਾਗਠਜੋੜ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਨੇ ਰਫ਼ਤਾਰ ਫੜੀ ਹੈ ਅਤੇ ਰਾਜ ਸਰਕਾਰ ਤੋਂ ਸਾਰੀਆਂ ਸੰਬੰਧਿਤ ਇਜਾਜ਼ਤਾਂ ਪ੍ਰਾਪਤ ਕੀਤੀਆਂ ਹਨ।
ਉਹਨਾਂ ਨੇ ਕਿਹਾ, "ਹੁਣ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।" ਮੰਤਰੀ ਨੇ ਕਿਹਾ ਕਿ ਸਮੁੰਦਰ ਦੇ ਹੇਠਾਂ ਭਾਰਤ ਦੀ ਪਹਿਲੀ ਰੇਲਵੇ ਸੁਰੰਗ, ਜੋ ਕਿ 21 ਕਿਲੋਮੀਟਰ ਲੰਬੀ ਹੋਵੇਗੀ, ਦਾ ਨਿਰਮਾਣ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਭਾਰਤ ਨੂੰ ਬੁਲੇਟ ਟਰੇਨ ਦੀ ਤਕਨੀਕ ਵਿਦੇਸ਼ਾਂ ਤੋਂ ਮਿਲੀ ਸੀ ਪਰ ਹੁਣ ਦੇਸ਼ ਵਿੱਚ ਵੀ ਕਈ ਤਕਨੀਕਾਂ ਵਿਕਸਤ ਹੋ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ, "ਅਸੀਂ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਤਕਨੀਕ ਨਾਲ ਬੁਲੇਟ ਟਰੇਨ ਵਿਕਸਿਤ ਕਰਨ ਅਤੇ 'ਸਵੈ-ਨਿਰਭਰ' ਬਣਨ 'ਤੇ ਕੰਮ ਕਰ ਰਹੇ ਹਾਂ।"